ਕੇਰਲ ਅਤੇ ਆਸਾਮ ਦੀ ਹਾਰ ਤੋਂ ਬਾਅਦ ਪੰਜਾਬ ਸੰਭਾਲਣ ’ਚ ਜੁਟੇਗੀ ਕਾਂਗਰਸ

05/05/2021 3:29:38 PM

ਜਲੰਧਰ (ਨਰੇਸ਼ ਅਰੋੜਾ)— ਕੇਰਲ ਅਤੇ ਆਸਾਮ ’ਚ ਪੂਰਾ ਜ਼ੋਰ ਲਗਾਉਣ ਦੇ ਬਾਅਦ ਮਿਲੀ ਹਾਰ ਤੋਂ ਸਬਕ ਲੈਂਦੇ ਹੋਏ ਕਾਂਗਰਸ ਹਾਈਕਮਾਨ ਨੇ ਪੰਜਾਬ ਨੂੰ ਬਚਾਉਣ ਲਈ ਯੋਜਨਾ ਬਣਾਈ ਹੈ। ਕਾਂਗਰਸ ਨੂੰ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਂਤਾਣ ਨਾਲ ਨੁਕਸਾਨ ਦਾ ਅੰਦਾਜ਼ਾ ਹੈ। ਪਾਰਟੀ ਹੁਣ ਪੰਜਾਬ ’ਚ ਆਪਣਾ ਘਰ ਸੰਭਾਲਣ ਦੀ ਕਵਾਇਦ ਸ਼ੁਰੂ ਕਰਨ ਜਾ ਰਹੀ ਹੈ।

ਕਾਂਗਰਸੀ ਸੂਤਰਾਂ ਦੇ ਅਨੁਸਾਰ ਪਾਰਟੀ ਹਾਈਕਮਾਨ ਇਸੇ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ’ਚ ਇਕ-ਇਕ ਵਿਧਾਇਕ ਤੋਂ ਫੀਡਬੈਕ ਲੈਣ ਦਾ ਕੰਮ ਸ਼ੁਰੂ ਕਰੇਗੀ। ਵਿਧਾਇਕਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਦੇ ਪ੍ਰਦਰਸ਼ਨ, ਉਨ੍ਹਾਂ ਦੇ ਆਪਣੇ ਹਲਕੇ ਦੀ ਸਥਿਤੀ ਦੇ ਇਲਾਵਾ, ਵਿਰੋਧੀ ਧਿਰ ਦੀ ਸਥਿਤੀ ਅਤੇ ਇਸ ਦੇ ਨਾਲ ਹੀ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵਿਚ ਵਿਧਾਇਕਾਂ ਦੀ ਰਾਏ ਲਈ ਜਾਵੇਗੀ। ਇਸ ਤੋਂ ਪਹਿਲਾਂ 5 ਸੂਬਿਆਂ ਦੀਆਂ ਚੋਣਾਂ ’ਚ ਰੁੱਝੇ ਹੋਣ ਕਾਰਨ ਪਾਰਟੀ ਹਾਈਕਮਾਨ ਦਾ ਪੰਜਾਬ ’ਤੇ ਫੋਕਸ ਨਹੀਂ ਬਣ ਪਾਇਆ ਸੀ ਪਰ ਹੁਣ ਚੋਣ ਨਤੀਜੇ ਆਉਣ ਦੇ ਬਾਅਦ ਪਾਰਟੀ ਨੂੰ ਪੰਜਾਬ ਦੀ ਚਿੰਤਾ ਸਤਾਉਣ ਲੱਗੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

PunjabKesari

ਹਾਲਾਂਕਿ ਕੈਪਟਨ ਅਮਰਿੰਦਰ ਆਪਣੇ ਪੱਧਰ ’ਤੇ ਖ਼ੁਦ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦੇ ਚੁੱਕੇ ਹਨ ਪਰ ਕਾਂਗਰਸ ਹਾਈਕਮਾਨ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਜਲਦਬਾਜ਼ੀ ’ਚ ਕੋਈ ਫ਼ੈਸਲਾ ਨਹੀਂ ਕਰਨਾ ਚਾਹੁੰਦੀ। ਹਾਈਕਮਾਨ ਦੀ ਕੋਸ਼ਿਸ਼ ਕੈਪਟਨ ਅਤੇ ਸਿੱਧੂ ਦੋਹਾਂ ਨੂੰ ਨਾਲ ਰੱਖਣ ਦੀ ਹੈ ਅਤੇ ਅੰਤਿਮ ਫ਼ੈਸਲਾ ਵਿਧਾਇਕਾਂ ਦੀ ਫੀਡ ਬੈਕ ਦੇ ਬਾਅਦ ਹੀ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦਾ ਇੰਚਾਰਜ ਬਣਾ ਕੇ ਭੇਜੇ ਗਏ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਦੋਹਾਂ ਦੇ ਵਿਚਾਲੇ ਸੁਲਹ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਉਹ ਹਮੇਸ਼ਾ ਸਿੱਧੂ ਨੂੰ ਪਾਰਟੀ ਅਤੇ ਸਰਕਾਰ ’ਚ ਸਨਮਾਨ ਦਾ ਸਥਾਨ ਦੇਣ ਦੀ ਗੱਲ ਕਰਦੇ ਰਹੇ ਹਨ ਪਰ ਉਨ੍ਹਾਂ ਨੂੰ ਆਪਣੀਆਂ ਕੋਸ਼ਿਸ਼ਾਂ ’ਚ ਸਫ਼ਲਤਾ ਨਹੀਂ ਮਿਲੀ। ਰਾਵਤ ਨੇ ਵੀ ਹਾਈਕਮਾਨ ਨੂੰ ਪੰਜਾਬ ਦੀ ਸਥਿਤੀ ਤੋਂ ਜਾਣੂੰ ਕਰਵਾਇਆ ਹੋਇਆ ਹੈ। ਇਸ ਦੌਰਾਨ ਬਰਗਾੜੀ ਮਾਮਲੇ ਨੂੰ ਲੈ ਕੇ ਆਈ ਰਿਪੋਰਟ ਨਾਲ ਸਰਕਾਰ ਦਾ ਅਕਸ ਖ਼ਰਾਬ ਹੋਇਆ ਹੈ। ਕਾਂਗਰਸ ਦੇ ਆਪਣੇ ਵਿਧਾਇਕ ਹੁਣ ਇਸ ਮਾਮਲੇ ’ਚ ਬੋਲਣ ਲੱਗ ਗਏ ਹਨ। ਹਾਈਕਮਾਨ ਨੂੰ ਇਸ ਮਾਮਲੇ ’ਚ ਸਰਕਾਰ ਦੇ ਡਿੱਗਣ ਅਤੇ ਚੋਣਾਂ ’ਚ ਨੁਕਸਾਨ ਹੋਣ ਦਾ ਵੀ ਅੰਦਾਜ਼ਾ ਹੈ ਅਤੇ ਇਸ ਮਾਮਲੇ ’ਚ ਵੀ ਵਿਧਾਇਕਾਂ ਦੀ ਰਾਏ ਲਈ ਜਾਵੇਗੀ। 

ਇਹ ਵੀ ਪੜ੍ਹੋ :  ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News