ਕੰਪੇਨ ਕਮੇਟੀ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਸੰਸਦ ਮੈਂਬਰਾਂ ਨੂੰ ਕੀਤਾ ਸਰਗਰਮ

Thursday, Dec 23, 2021 - 10:53 AM (IST)

ਜਲੰਧਰ (ਧਵਨ)- ਪੰਜਾਬ ਵਿਧਾਨ ਸਭਾ ਦੀਆਂ ਨੇੜੇ ਆ ਰਹੀਆਂ ਆਮ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ ਨੇ ਬੁੱਧਵਾਰ ਸੂਬੇ ਦੇ ਸਭ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸਰਗਰਮ ਕਰ ਦਿੱਤਾ ਤਾਂ ਜੋ ਕਾਂਗਰਸ ਚੋਣਾਂ ਨੂੰ ਜਿੱਤ ਸਕੇ। ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੱਲੋਂ ਬੁੱਧਵਾਰ ਦਿੱਲੀ ’ਚ ਸੱਦੀ ਗਈ ਬੈਠਕ ’ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਕ੍ਰਿਸ਼ਨ ਅਲਾਵਰੂ, ਏ. ਆਈ. ਸੀ. ਸੀ. ਦੇ ਸਕੱਤਰ ਰਮਿੰਦਰ ਆਵਲਾ, ਚੇਤਨ ਚੌਹਾਨ, ਹਰਸ਼ ਵਰਸਰਨ ਸਪਕਾਲ, ਗੁਰਕੀਰਤ ਸਿੰਘ, ਪ੍ਰਗਟ ਸਿੰਘ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ, ਜਸਬੀਰ ਸਿੰਘ ਡਿੰਪਾ, ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਹਿੱਸਾ ਲਿਆ।

ਜਾਖੜ ਨੇ ਕੰਪੇਨ ਕਮੇਟੀ ਦੀ ਇਹ ਦੂਜੀ ਬੈਠਕ ਕੀਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਪਹਿਲੀ ਬੈਠਕ ਹੋ ਚੁਕੀ ਹੈ। ਮੰਨਿਆ ਜਾ ਰਿਹਾ ਹੈ ਕਿ ਜਾਖੜ ਵੱਲੋਂ ਕੰਪੇਨ ਕਮੇਟੀ ਨੂੰ ਪੂਰੀ ਤਰ੍ਹਾਂ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਜਾ ਸਕੇ। ਜਾਖੜ ਨੇ ਬੈਠਕ ਪਿੱਛੋਂ ਦੱਸਿਆ ਕਿ ਕਾਂਗਰਸ ਦੇ ਸਭ ਸੰਸਦ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਰਾਏ ਲਈ ਗਈ ਹੈ। ਸਭ ਸੰਸਦ ਮੈਂਬਰਾਂ ਨੂੰ ਆਪਣੇ-ਆਪਣੇ ਖੇਤਰ ’ਚ ਪੂਰੀ ਤਰ੍ਹਾਂ ਸਰਗਰਮ ਰਹਿਣ ਅਤੇ ਉਮੀਦਵਾਰਾਂ ਦੀ ਚੋਣ ’ਚ ਅਹਿਮ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ

ਜਾਖੜ ਨੇ ਕਿਹਾ ਕਿ ਇਹ ਚੋਣ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ ’ਤੇ ਨਹੀਂ ਸਗੋਂ ਕਾਂਗਰਸ ਦੇ ਨਾਂ ’ਤੇ ਲੜੀ ਜਾਣੀ ਹੈ। ਕਾਂਗਰਸ ਦਾ ਹਰ ਸੰਸਦ ਮੈਂਬਰ, ਅਹੁਦੇਦਾਰ ਅਤੇ ਵਰਕਰ ਚੋਣਾਂ ਦਾ ਹਿੱਸਾ ਬਣੇਗਾ। ਪਾਰਟੀ ਦੀ ਕੰਪੇਨ ਨੂੰ ਹੇਠਲੇ ਪੱਧਰ ਤੱਕ ਲਿਜਾਇਆ ਜਾਵੇਗਾ। ਇਸ ਤਰ੍ਹਾਂ ਉਨ੍ਹਾਂ ਸੰਕੇਤ ਦਿੱਤੇ ਕਿ ਆਉਣ ਵਾਲੇ ਕੁਝ ਦਿਨਾਂ ’ਚ ਜ਼ਿਲ੍ਹਾ ਪੱਧਰ ’ਤੇ ਵੀ ਕੰਪੇਨ ਕਮੇਟੀਆਂ ਦਾ ਗਠਨ ਕਰ ਦਿੱਤਾ ਜਾਵੇਗਾ। ਇਹ ਕਮੇਟੀਆਂ ਜ਼ਿਲਿਆਂ ’ਚ ਕਾਂਗਰਸੀ ਉਮੀਦਵਾਰਾਂ ਦੀ ਮਦਦ ਕਰਨਗੀਆਂ ਅਤੇ ਉਨ੍ਹਾਂ ਦੀ ਦੇਖਰੇਖ ਹੇਠ ਪਾਰਟੀ ਦਾ ਪ੍ਰਚਾਰ ਹੋਵੇਗਾ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਕੰਪੇਨ ਕਮੇਟੀ ਦੀ ਬੈਠਕ ’ਚ ਕਾਂਗਰਸ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣ ਵਾਲੀ ਟਿਕਟਾਂ ਨੂੰ ਲੈ ਕੇ ਚਰਚਾ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਚਰਚਾ ਤਾਂ ਸਕ੍ਰੀਨਿੰਗ ਕਮੇਟੀ ਦੀ ਬੈਠਕ ’ਚ ਹੀ ਹੋਵੇਗੀ। ਅਜੇ ਸਿਰਫ਼ ਪਾਰਟੀ ਦੀ ਕੰਪੇਨ ਨੂੰ ਅਸਰਦਾਰ ਢੰਗ ਨਾਲ ਚਲਾਉਣ ਦੇ ਮਾਮਲੇ ’ਚ ਸੰਸਦ ਮੈਂਬਰਾਂ ਨੂੰ ਨਾਲ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਚੰਨੀ ਅਤੇ ਸਿੱਧੂ ਸ਼ਾਮਲ ਨਹੀਂ ਹੋ ਸਕੇ
ਕੰਪੇਨ ਕਮੇਟੀ ਦੀ ਦਿੱਲੀ ’ਚ ਹੋਈ ਬੈਠਕ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋ ਸਕੇ। ਦੋਹਾਂ ਕਾਂਗਰਸੀ ਆਗੂਆਂ ਨੇ ਪੰਜਾਬ ’ਚ ਪਾਰਟੀ ਦੀਆਂ ਰੈਲੀਆਂ ’ਚ ਹਿੱਸਾ ਲੈਣਾ ਸੀ। ਪਿਛਲੀ ਬੈਠਕ ਚੰਡੀਗੜ੍ਹ ’ਚ ਹੋਈ ਸੀ ਜਿਸ ’ਚ ਚੰਨੀ ਅਤੇ ਸਿੱਧੂ ਦੋਵੇਂ ਸਾਮਲ ਹੋਏ ਸਨ। ਹੁਣ ਕੰਪੇਨ ਕਮੇਟੀ ਦੀ ਅਗਲੇ ਕੁਝ ਦਿਨਾਂ ’ਚ ਹੋਣ ਵਾਲੀ ਬੈਠਕ ’ਚ ਚੰਨੀ ਅਤੇ ਸਿੱਧੂ ਨੂੰ ਹਿੱਸਾ ਲੈਣ ਲਈ ਸੱਦਾ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

ਸੰਸਦ ਮੈਂਬਰਾਂ ਨੇ ਕਿਹਾ- ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੀ ਰਾਏ ਲਈ ਜਾਵੇ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਪਾਰਟੀ ਦੇ ਉਮੀਦਵਾਰ ਤੈਅ ਕਰਦੇ ਸਮੇਂ ਪਹਿਲਾਂ ਵਾਂਗ ਉਨ੍ਹਾਂ ਦੀ ਵੀ ਰਾਏ ਲਈ ਜਾਣੀ ਚਾਹੀਦੀ ਹੈ। 2017 ’ਚ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਹਰ ਸੰਸਦ ਮੈਂਬਰ ਦੇ ਵਿਚਾਰ ਉਮੀਦਵਾਰਾਂ ਕੋਲੋਂ ਲਏ ਗਏ ਸਨ, ਜਿਸ ਦਾ ਪਾਰਟੀ ਨੂੰ ਲਾਭ ਪੁੱਜਾ ਸੀ। ਕੁਝ ਸੰਸਦ ਮੈਂਬਰਾਂ ਨੇ ਕਿਹਾ ਕਿ ਪੰਜਾਬ ’ਚ ਤਾਂ ਕਾਂਗਰਸ ਦੇ ਹਰ ਧੜੇ ਨੇ ਆਪਣੀ-ਆਪਣੀ ਸੂਚੀ ਤਿਆਰ ਕੀਤੀ ਹੋਈ ਹੈ। ਉਮੀਦਵਾਰਾਂ ਦੀ ਚੋਣ ਬਹੁਤ ਸੋਚ ਸਮਝ ਕੇ ਕੀਤੀ ਜਾਣੀ ਚਾਹੀਦੀ ਹੈ। ਕੁਝ ਸੰਸਦ ਮੈਂਬਰਾਂ ਨੇ ਕਿਹਾ ਕਿ ਸੂਬੇ ’ਚ ਸੰਸਦ ਮੈਂਬਰਾਂ ਦੇ ਹਲਕਿਆਂ ’ਚ ਹੋਣ ਵਾਲੀਆਂ ਰੈਲੀਆਂ ’ਚ ਉਨ੍ਹਾਂ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ।

ਕਾਂਗਰਸ ’ਚ ਇਕਮੁੱਠਤਾ ’ਤੇ ਮੁੜ ਦਿੱਤਾ ਗਿਆ ਜ਼ੋਰ
ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਨੂੰ ਵੇਖਦੇ ਹੋਏ ਕੰਪੇਨ ਕਮੇਟੀ ਦੀ ਬੈਠਕ’ਚ ਸੁਨੀਲ ਜਾਖੜ ਨੇ ਇਕ ਵਾਰ ਮੁੜ ਕਾਂਗਰਸ ’ਚ ਇਕਮੁਠਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣ ਕਾਂਗਰਸ ਦੀਆਂ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀਆਂ। ਇਸ ਲਈ ਸਭ ਕਾਂਗਰਸੀ ਆਗੂਆਂ ਨੂੰ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਕਮੁੱਠ ਹੋ ਕੇ ਚੋਣਾਂ ਲੜਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਨਵਤੇਜ ਚੀਮਾ ’ਤੇ ਵੱਡਾ ਸ਼ਬਦੀ ਹਮਲਾ, ਦੱਸਿਆ ਸਭ ਤੋਂ ਵੱਡਾ ਡਿਕਟੇਟਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News