ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ''ਚ ਪੰਜਾਬ ਕਾਂਗਰਸ ਫਲਾਪ
Wednesday, Feb 28, 2018 - 04:20 PM (IST)

ਜਲੰਧਰ (ਰਵਿੰਦਰ ਸ਼ਰਮਾ)— ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ 'ਚ ਪੰਜਾਬ ਕਾਂਗਰਸ ਦੇ ਅਹੁਦੇਦਾਰ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਏ ਹਨ। ਅਕਾਲੀਆਂ ਵਿਰੁੱਧ ਰੌਲਾ ਪਾਉਣ ਵਾਲੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਸੂਬਾ ਕਾਂਗਰਸ ਦੇ ਸਾਰੇ ਅਹੁਦੇਦਾਰ ਜਦੋਂ ਭਾਜਪਾ ਦੀ ਗੱਲ ਆਉੁਂਦੀ ਹੈ ਤਾਂ ਚੁੱਪ ਹੋ ਜਾਂਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ ਤੋਂ ਬਾਅਦ ਵੀ ਸੂਬਾ ਕਾਂਗਰਸ ਦੇ ਨੇਤਾਵਾਂ ਦੀ ਇਕ ਵਾਰ ਵੀ ਆਵਾਜ਼ ਨਹੀਂ ਆਈ। ਇਹ ਕਾਂਗਰਸ ਲਈ ਦੇਸ਼ ਭਰ ਵਿਚ ਵਾਪਸੀ ਦਾ ਇਕ ਮੌਕਾ ਹੋ ਸਕਦਾ ਸੀ ਪਰ ਕਾਂਗਰਸੀ ਇਸ ਮੌਕੇ 'ਤੇ ਚੌਕਾ ਮਾਰਨ 'ਚ ਨਾਕਾਮ ਰਹੇ।
ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਮਾੜੀ ਹਾਲਤ ਹੋਈ ਸੀ, ਉਹ ਸਿਰਫ 44 ਸੀਟਾਂ 'ਤੇ ਸਿਮਟ ਗਈ ਸੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਅਜਿਹਾ ਹਾਲ ਤਾਂ ਐਮਰਜੈਂਸੀ ਦੌਰਾਨ ਵੀ ਨਹੀਂ ਹੋਇਆ ਸੀ। ਅਜਿਹਾ ਹੋਣ ਪਿੱਛੇ ਕਾਂਗਰਸ ਦੇ ਨੇਤਾ ਖੁਦ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸੱਤਾ ਵਿਚ ਰਹਿੰਦੇ ਹੋਏ ਲਗਾਤਾਰ ਲੋਕਾਂ ਤੋਂ ਦੂਰੀ ਬਣਾਈ ਰੱਖੀ, ਹਿੰਦੂਆਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਕੇ ਮੁਸਲਮਾਨਾਂ ਦੀ ਗੱਲ ਹੀ ਪੂਰੇ ਦੇਸ਼ ਵਿਚ ਕੀਤੀ ਅਤੇ ਲਗਾਤਾਰ ਘਪਲਿਆਂ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਵੀ ਕਾਂਗਰਸ ਦੇ ਇਸ ਹਾਲ ਲਈ ਜ਼ਿੰਮੇਵਾਰ ਰਹੀ। ਦੂਜੇ ਪਾਸੇ ਭਾਜਪਾ ਨੇ ਲਗਾਤਾਰ ਸਰਕਾਰ 'ਤੇ ਅਜਿਹੇ ਤਿੱਖੇ ਹਮਲੇ ਕੀਤੇ ਕਿ ਲੋਕਾਂ ਦਾ ਦਿਲ ਭਾਜਪਾ ਵੱਲ ਪੂਰੀ ਤਰ੍ਹਾਂ ਮੁੜ ਗਿਆ।
ਹੁਣ ਰਾਸ਼ਟਰੀ ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਦੇ ਮੋਢਿਆਂ 'ਤੇ ਹੈ। ਰਾਹੁਲ ਗਾਂਧੀ ਨੇ ਕਾਂਗਰਸ ਨੂੰ ਅਗਰੈਸਿਵ ਪਾਲਟਿਕਸ ਕਰਨੀ ਸਿਖਾ ਦਿੱਤੀ ਹੈ ਅਤੇ ਖੁਦ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਤਿੱਖੇ ਹਮਲੇ ਕਰ ਰਹੇ ਹਨ ਪਰ ਸੂਬਾ ਕਾਂਗਰਸ ਸ਼ਾਇਦ ਰਾਹੁਲ ਗਾਂਧੀ ਦੇ ਕਦਮਾਂ 'ਤੇ ਨਹੀਂ ਚੱਲਣਾ ਚਾਹੁੰਦੀ। ਪੰਜਾਬ 'ਚ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਕਾਂਗਰਸ ਦੀ ਸਰਕਾਰ ਵਲੋਂ ਭਾਜਪਾ ਨਾਲ ਦੋਸਤੀ ਦੀ ਖੇਡ ਖੇਡੀ ਜਾ ਰਹੀ ਹੈ। ਅਕਾਲੀਆਂ ਦੀ ਗੱਲ ਆਉਂਦੀ ਹੈ ਤਾਂ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਤਿੱਖੇ ਹਮਲੇ ਸ਼ੁਰੂ ਕਰ ਦਿੰਦੇ ਹਨ ਪਰ ਜਿਵੇਂ ਹੀ ਭਾਜਪਾ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਦੀ ਇਹੀ ਸਖਤ ਜ਼ੁਬਾਨ ਨਰਮ ਦਿਖਾਈ ਦਿੰਦੀ ਹੈ। ਪਾਰਟੀ ਹਾਈਕਮਾਨ ਵੱਲੋਂ ਸਾਰੇ ਸੂਬਿਆਂ 'ਚ ਬੈਂਕਿੰਗ ਘਪਲੇ ਨੂੰ ਲੈ ਕੇ ਭਾਜਪਾ 'ਤੇ ਤਿੱਖੇ ਹਮਲੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਪ੍ਰਦਰਸ਼ਨ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ ਪਰ ਸੂਬਾ ਕਾਂਗਰਸ ਨੇ ਇਕ ਵਾਰ ਵੀ ਨਾ ਤਾਂ ਪ੍ਰਧਾਨ ਮੰਤਰੀ ਵਿਰੁੱਧ ਮੂੰਹ ਖੋਲ੍ਹਿਆ ਹੈ ਅਤੇ ਨਾ ਹੀ ਭਾਜਪਾ ਵਿਰੁੱਧ ਕੋਈ ਪ੍ਰਦਰਸ਼ਨ ਕੀਤਾ ਹੈ।
ਘਪਲਿਆਂ ਦੀ ਗੱਲ ਕਰ ਕੇ ਭਾਜਪਾ ਆਈ ਸੀ ਸੱਤਾ 'ਚ
ਕਾਂਗਰਸ ਰਾਜ 'ਚ ਹੋਏ ਘਪਲਿਆਂ ਦੀ ਗੱਲ ਕਰ ਕੇ ਹੀ ਭਾਜਪਾ ਨੇ ਦੇਸ਼ ਦੀ ਜਨਤਾ ਦਾ ਦਿਲ ਜਿੱਤਿਆ ਸੀ ਅਤੇ ਸੱਤਾ 'ਚ ਆਈ ਸੀ। 4 ਸਾਲ ਦੀ ਸੱਤਾ 'ਚ ਭਾਜਪਾ ਦੀ ਕੇਂਦਰ ਸਰਕਾਰ 'ਤੇ ਕਾਂਗਰਸ ਇਕ ਵੀ ਤਿੱਖਾ ਹਮਲਾ ਨਹੀਂ ਕਰ ਸਕੀ। ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਫੈਸਲੇ ਦਾ ਕਾਂਗਰਸ ਨੇ ਲਗਾਤਾਰ ਵਿਰੋਧ ਤਾਂ ਕੀਤਾ ਸੀ ਪਰ ਇਸ ਨੂੰ ਜਨ ਅੰਦੋਲਨ ਨਹੀਂ ਬਣਾ ਸਕੀ। ਖੁਦ ਨੂੰ ਪਾਕ-ਸਾਫ ਦੱਸਣ ਵਾਲੀ ਭਾਜਪਾ ਦੇ ਰਾਜ 'ਚ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਘਪਲਾ ਹੋ ਗਿਆ ਅਤੇ ਇਹ ਕਾਂਗਰਸ ਲਈ ਇਕ ਬੇਹੱਦ ਚੰਗਾ ਮੌਕਾ ਸੀ ਪਰ ਜਿਸ ਤਰ੍ਹਾਂ ਭਾਜਪਾ ਨੇ ਘਪਲਿਆਂ ਨੂੰ ਲੈ ਕੇ ਤੋਪਾਂ ਦਾ ਮੂੰਹ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਵੱਲ ਮੋੜਿਆ ਹੈ, ਉਸ ਨਾਲ ਕਾਂਗਰਸ ਦੀ ਹਰ ਨਾਕਾਮੀ ਸਾਹਮਣੇ ਆਉਣ ਲੱਗੀ ਹੈ।