ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ’ਤੇ ਹਾਈਕਮਾਨ ਦੇ ਦਖ਼ਲ ਦੀਆਂ ਚਰਚਾਵਾਂ ''ਚ ਨਵਾਂ ਮੋੜ

Friday, May 21, 2021 - 11:17 AM (IST)

ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ’ਤੇ ਹਾਈਕਮਾਨ ਦੇ ਦਖ਼ਲ ਦੀਆਂ ਚਰਚਾਵਾਂ ''ਚ ਨਵਾਂ ਮੋੜ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ਨੂੰ ਸ਼ਾਂਤ ਕਰਨ ਲਈ ਹਾਈਕਮਾਨ ਵੱਲੋਂ ਛੇਤੀ ਮੋਰਚਾ ਸੰਭਾਲਣ ਦੀਆਂ ਚਰਚਾਵਾਂ ਵਿਚ ਨਵਾਂ ਮੋੜ ਆ ਗਿਆ ਹੈ। ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਹਾਈਕਮਾਨ ਦੇ ਨਿਰਦੇਸ਼ ’ਤੇ ਛੇਤੀ ਹੀ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪੰਜਾਬ ਦਾ ਦੌਰਾ ਕਰ ਕੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ। ਉੱਥੇ ਹੀ, ਵੀਰਵਾਰ ਨੂੰ ਸਾਹਮਣੇ ਆਇਆ ਕਿ ਹਰੀਸ਼ ਰਾਵਤ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ। ਦੱਸਿਆ ਗਿਆ ਕਿ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਗਲੇ ਵਿਚ ਖਰਾਸ਼ ਅਤੇ ਵੋਕਲ ਕੌਰਡ ਵਿਚ ਕੁੱਝ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਬੋਲਣ ਵਿਚ ਕਠਿਨਾਈ ਮਹਿਸੂਸ ਹੋ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਗਾ 'ਚ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼, ਪਾਇਲਟ ਦੀ ਮੌਤ

ਇਸ ਲਈ, ਉਹ ਜਿਵੇਂ ਹੀ ਬਿਹਤਰ ਹੋਣਗੇ, ਉਦੋਂ ਵਿਚਾਰ ਅਤੇ ਗੱਲਬਾਤ ਕਰਨਗੇ। ਉੱਧਰ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਹਾਈਕਮਾਨ ਦੇ ਦਖ਼ਲ ’ਤੇ ਸ਼ੱਕ ਦੇ ਬੱਦਲ ਵੇਖਦਿਆਂ ਸਿੱਧੇ ਦਿੱਲੀ ਰਵਾਨਗੀ ਦਾ ਨਾਅਰਾ ਬੁਲੰਦ ਕਰ ਦਿੱਤਾ ਹੈ। ਸਿੱਧੂ ਨੇ ਵੀਰਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਹੁਣ ਵਿਧਾਇਕਾਂ ਅਤੇ ਪਾਰਟੀ ਮੁਲਾਜ਼ਮਾਂ ਨੂੰ ਦਿੱਲੀ ਜਾ ਕੇ ਹਾਈਕਮਾਨ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਉਹ ਲਗਾਤਾਰ ਦੱਸ ਰਹੇ ਹਨ। ਸਿੱਧੂ ਨੇ ਲਿਖਿਆ ਕਿ 2019 ਵਿਚ ਉਨ੍ਹਾਂ ਨੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਸ਼ੁਰੂ ਅਤੇ ਅੰਤ ਇਕ ਹੀ ਮੰਗ ਦੇ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਹੋਵੇ, ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਬਲੈਕ ਫੰਗਸ' ਨੂੰ ਐਲਾਨਿਆ 'ਮਹਾਮਾਰੀ', ਜਾਰੀ ਕੀਤੀ ਨੋਟੀਫਿਕੇਸ਼ਨ
ਪ੍ਰਿਯੰਕਾ ਗਾਂਧੀ ਤੋਂ ਉਮੀਦ, ਸਿੱਧੂ ਨੇ ਸ਼ੇਅਰ ਕੀਤੀ ਵੀਡੀਓ
ਸੋਸ਼ਲ ਮੀਡੀਆ ’ਤੇ ਸਿੱਧੂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪੰਜਾਬ ਦੌਰੇ ਦੀਆਂ ਝਲਕੀਆਂ ਅਤੇ ਪ੍ਰਿਯੰਕਾ ਨਾਲ ਸਿੱਧੂ ਦੀ ਤਸਵੀਰ ਨੂੰ ਪ੍ਰਮੁੱਖਤਾ ਨਾਲ ਜੋੜਿਆ ਗਿਆ ਹੈ। ਇਸ ਵੀਡੀਓ ਵਿਚ ਸਿੱਧੂ ਦੀ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਉਹ ਤਸਵੀਰ ਵੀ ਹੈ, ਜੋ ਉਨ੍ਹਾਂ ਦੇ ਟਵਿੱਟਰ ਅਕਾਊਂਟ ਦੀ ਕਵਰ ਫੋਟੋ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤਸਵੀਰਾਂ ਰਾਹੀਂ ਸਿੱਧੂ ਹਾਈਕਮਾਨ ਪ੍ਰਤੀ ਆਪਣੀ ਨਿਸ਼ਠਾ ਦੇ ਨਾਲ-ਨਾਲ ਉਨ੍ਹਾਂ ਤਮਾਮ ਅਟਕਲਾਂ ’ਤੇ ਵਿਰ੍ਹਾਮ ਲਗਾ ਰਹੇ ਹਨ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਸਿੱਧੂ ਕਾਂਗਰਸ ਦਾ ਪੱਲਾ ਛੱਡ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸੀਨੀਅਰ ਅਧਿਕਾਰੀ ਦੇ ਪਾਲਤੂ ਕੁੱਤੇ ਦੀ ਮੌਤ ਨੇ ਫੜ੍ਹਿਆ ਤੂਲ, ਵੈਟਰਨਰੀ ਡਾਕਟਰ ਖ਼ਿਲਾਫ਼ ਪਰਚਾ ਦਰਜ

ਨਾਲ ਹੀ, ਸਿੱਧੂ ਇਹ ਸੁਨੇਹਾ ਵੀ ਦੇ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਮੀਦ ਪ੍ਰਿਯੰਕਾ ਗਾਂਧੀ ਤੋਂ ਹੈ। ਅਜਿਹਾ ਇਸ ਲਈ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਵਿਚ ਆਮਤੌਰ ’ਤੇ ਪ੍ਰਿਯੰਕਾ ਗਾਂਧੀ ਹੀ ਸਿੱਧੂ ਨਾਲ ਸੰਪਰਕ ਕਰਦੀ ਰਹੀ ਹੈ। ਮਈ, 2019 ਵਿਚ ਲੋਕਸਭਾ ਚੋਣਾਂ ਦੌਰਾਨ ਜਦੋਂ ਨਾਰਾਜ਼ਗੀ ਦੇ ਚਲਦੇ ਸਿੱਧੂ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾਉਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ, ਉਦੋਂ ਸਿੱਧੂ ਪ੍ਰਿਯੰਕਾ ਗਾਂਧੀ ਦੇ ਕਹਿਣ ’ਤੇ ਹੀ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਉੱਤਰੇ ਸਨ। ਅਜੇ ਹਾਲ ਹੀ ਵਿਚ ਜਦੋਂ ਕੈਪਟਨ ਨੇ ਸਿੱਧੂ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ, ਉਦੋਂ ਵੀ ਸਿੱਧੂ ਕੈਪਟਨ ਨਾਲ ਬੈਠਕ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੂੰ ਮਿਲਣ ਦਿੱਲੀ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News