ਹਾਈਕਮਾਨ ਤੱਕ ਪੁੱਜਾ ''ਪੰਜਾਬ ਕਾਂਗਰਸ'' ’ਚ ਬਗਾਵਤ ਦਾ ਸੇਕ, ਖ਼ੁਦ ਸੋਨੀਆ ਗਾਂਧੀ ਸੰਭਾਲੇਗੀ ਕਮਾਨ

05/12/2021 10:37:42 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਬਗਾਵਤ ਦਾ ਸੇਕ ਹਾਈਕਮਾਨ ਤੱਕ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਛੇਤੀ ਹੀ ਇਸ ਮਾਮਲੇ ਵਿਚ ਸਿੱਧਾ ਦਖ਼ਲ ਦੇ ਸਕਦੇ ਹਨ। ਬੇਸ਼ੱਕ ਹੁਣ ਤੱਕ ਕਿਸੇ ਪ੍ਰਸਤਾਵਿਤ ਬੈਠਕ ਨੂੰ ਲੈ ਕੇ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਹਾਈਕਮਾਨ ਦੇ ਪੱਧਰ ’ਤੇ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਸਿਲਸਿਲੇਵਾਰ ਬੈਠਕ ਹੋਣਾ ਤੈਅ ਹੈ। ਅਜਿਹਾ ਇਸ ਲਈ ਵੀ ਹੈ ਕਿ ਮੌਜੂਦਾ ਸਮੇਂ ਵਿਚ ਬੇਅਦਬੀ-ਗੋਲੀਕਾਂਡ, ਮਾਫ਼ੀਆ ਰਾਜ, ਨਸ਼ੇ ਨੂੰ ਲੈ ਕੇ ਪੰਜਾਬ ਕਾਂਗਰਸ ਕਈ ਧੜਿਆਂ ਵਿਚ ਵੰਡੀ ਗਈ ਹੈ।

ਇਹ ਵੀ ਪੜ੍ਹੋ : ਜਗਰਾਓਂ 'ਚ ਅਕਾਲੀ ਦਲ ਦੀ ਵਿਸ਼ੇਸ਼ ਪਹਿਲ, ਕੋਰੋਨਾ ਮਰੀਜ਼ਾਂ ਲਈ ਸ਼ੁਰੂ ਕੀਤੀ 'ਲੰਗਰ ਸੇਵਾ' (ਤਸਵੀਰਾਂ)

ਇਕ ਪਾਸੇ ਜਿੱਥੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਅਤੇ ਕਰੀਬੀ ਹਨ ਤਾਂ ਦੂਜੇ ਪਾਸੇ ਕਾਂਗਰਸ ਦਾ ਉਹ ਧੜਾ ਹੈ, ਜੋ ਪ੍ਰਮੁੱਖਤਾ ਨਾਲ ਬੇਅਦਬੀ-ਗੋਲੀਕਾਂਡ ਮਾਮਲੇ ਦਾ ਵਿਰੋਧ ਤਾਂ ਕਰ ਰਿਹਾ ਹੈ ਪਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਰ ਵਿਚ ਸੁਰ ਨਹੀਂ ਮਿਲਾ ਰਿਹਾ। ਇਨ੍ਹਾਂ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਸਿੱਧੂ ਸਿਰਫ ਮੌਕਾ ਵੇਖ ਕੇ ਬੇਅਦਬੀ-ਗੋਲੀਕਾਂਡ ਦਾ ਮੁੱਦਾ ਚੁੱਕ ਰਹੇ ਹਨ, ਜਦੋਂ ਕਿ ਅਸਲ ਵਿਚ ਤਾਂ ਉਨ੍ਹਾਂ ਦੀ ਨਾਰਾਜ਼ਗੀ ਮੁੱਖ ਮੰਤਰੀ ਵੱਲੋਂ ਉਨ੍ਹਾਂ ਦਾ ਮੰਤਰਾਲਾ ਖੋਹਣ ਦੇ ਬਾਅਦ ਤੋਂ ਚੱਲੀ ਆ ਰਹੀ ਹੈ। ਬਕਾਇਦਾ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁੱਖ ਮੰਤਰੀ ਦੇ ਵਿਰੋਧ ਵਿਚ ਸੋਸ਼ਲ ਮੀਡੀਆ ’ਤੇ ਬੋਲ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ PGI ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਸ ਵਾਰ ਵੀ ਰੱਦ ਕੀਤੀਆਂ 'ਡਾਕਟਰਾਂ' ਦੀਆਂ ਛੁੱਟੀਆਂ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਖੁੱਲ੍ਹੇ ਤੌਰ ’ਤੇ ਕਿਹਾ ਕਿ ਸਿੱਧੂ ਬੇਅਦਬੀ-ਗੋਲੀਕਾਂਡ ਦੇ ਮੁੱਦੇ ਤੋਂ ਖਫ਼ਾ ਨਹੀਂ ਹੈ, ਸਗੋਂ ਉਨ੍ਹਾਂ ਦੀ ਲੜਾਈ ਤਾਂ ਸਥਾਨਕ ਸਰਕਾਰਾਂ ਵਿਭਾਗ ਦੇ ਖੁੱਸ ਜਾਣ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਬਿੱਟੂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਤਾਂ ਬੇਅਦਬੀ-ਗੋਲੀਕਾਂਡ ਮਾਮਲੇ ’ਤੇ ਲਗਾਤਾਰ ਮੁੱਖ ਮੰਤਰੀ ਸਾਹਮਣੇ ਆਵਾਜ਼ ਉਠਾਉਂਦੇ ਰਹੇ ਹਨ ਪਰ ਮੁੱਖ ਮੰਤਰੀ ਹਮੇਸ਼ਾ ਇਸ ਮਾਮਲੇ ਨੂੰ ਨਿਆਇਕ ਪ੍ਰਕਿਰਿਆ ਅਧੀਨ ਦੱਸ ਕੇ ਟਾਲਦੇ ਰਹੇ ਹਨ ਪਰ ਹਾਈਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਇਸ ਮਾਮਲੇ ’ਤੇ ਸਖ਼ਤ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ, ਨਹੀਂ ਤਾਂ ਪੰਜਾਬ ਦੇ ਲੋਕ ਮੁਆਫ਼ ਨਹੀਂ ਕਰਨਗੇ। ਉਧਰ, ਇਕ ਧੜਾ ਅਜਿਹਾ ਵੀ ਹੈ, ਜੋ ਮੁੱਖ ਮੰਤਰੀ ਨਾਲ ਅੰਦਰਖਾਤੇ ਨਾਰਾਜ਼ਗੀ ਹੋਣ ਕਾਰਨ ਹੁਣ ਤਿਆਰ ਹੋ ਕੇ ਮੈਦਾਨ ਵਿਚ ਉੱਤਰ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧੜੇ ਨੇ ਮੰਗਲਵਾਰ ਨੂੰ ਹਮਖਿਆਲੀ ਵਿਚਾਰਾਂ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਇੱਕ ਬੈਠਕ ਕੀਤੀ। ਹਾਲਾਂਕਿ ਉਨ੍ਹਾਂ ਨੇ ਇਸ ਬੈਠਕ ਨੂੰ ਆਪਸੀ ਮੁੱਦਿਆਂ ’ਤੇ ਸੀਮਤ ਬੈਠਕ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਰਿਵਾਰ 'ਚ ਇਕ ਤੋਂ ਜ਼ਿਆਦਾ ਮੈਂਬਰਾਂ ਨੂੰ 'ਕੋਰੋਨਾ' ਹੋਣ 'ਤੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ
ਸਿੱਧੂ ਬੋਲੇ-ਅਸੀਂ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਾਂ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਵਿਚ ਮੰਗਲਵਾਰ ਨੂੰ ਬੇਅਦਬੀ-ਗੋਲੀਕਾਂਡ ਦਾ ਮਾਮਲਾ ਉਠਾਇਆ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਲਿਖਿਆ ਕਿ ਸਾਰਾ ਪੰਜਾਬ ਇਕ ਹੀ ਆਵਾਜ਼ ਵਿਚ ਇਨਸਾਫ਼ ਦੀ ਅਪੀਲ ਕਰ ਰਿਹਾ ਹੈ। ਸਿੱਧੂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ, ਜੋ ਬੇਅਦਬੀ ਕਾਂਡ ਵਿਚ ਜ਼ੁਲਮ ਦੇ ਸ਼ਿਕਾਰ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਘਰ ਪਹੁੰਚ ਕੇ ਸਿੱਧੂ ਵੱਲੋਂ ਕੀਤੀ ਗਈ ਮੁਲਾਕਾਤ ਦੀ ਹੈ। ਸਿੱਧੂ ਨੇ ਇਸ ਵੀਡੀਓ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਬਾਦਲ ਸਰਕਾਰ ਦੌਰਾਨ ਪੁਲਸ ਦੇ ਬੇਇੰਤਹਾ ਜ਼ੁਲਮ ਸਹਿਣ ਵਾਲੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਾਲ 2018 ਵਿਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਕੀਤੀ ਮੁਲਾਕਾਤ। ਸਿੱਧੂ ਨੇ ਲਿਖਿਆ ਕਿ ਅਫਸੋਸ ਅਸੀਂ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਾਂ। ਜੰਗਲ ਕੱਟ ਕੇ ਹਰੇ ਹੋ ਜਾਂਦੇ ਹਨ, ਤਲਵਾਰ ਦਾ ਜ਼ਖਮ ਭਰ ਜਾਂਦਾ ਹੈ ਪਰ ਆਤਮਾ ’ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣ ਕੇ ਰਿਸਦਾ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News