ਪੰਜਾਬ ਕਾਂਗਰਸ ਵਲੋਂ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦਾ ਪ੍ਰਸਤਾਵ

Thursday, Feb 21, 2019 - 08:31 PM (IST)

ਪੰਜਾਬ ਕਾਂਗਰਸ ਵਲੋਂ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦਾ ਪ੍ਰਸਤਾਵ

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਪ੍ਰਸਤਾਵ ਪਾਰਟੀ ਦੇ ਨੈਸ਼ਨਲ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਰੱਖੇਗੀ। ਸਾਬਕਾ ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਤੋਂ ਚੋਣਾਂ ਲੜਾਉਣ ਦੀ ਮੰਗ ਦਾ ਪ੍ਰਸਤਾਵ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਰੱਖਿਆ। ਕੈਪਟਨ ਤੇ ਜਾਖੜ ਇਸ ਸਿਲਸਿਲੇ 'ਚ ਰਾਹੁਲ ਨਾਲ ਮੁਲਾਕਾਤ ਕਰਨਗੇ।
ਡਾ. ਮਨਮੋਹਨ ਸਿੰਘ ਮੂਲ ਰੂਪ ਨਾਲ ਹੁਸ਼ਿਆਰਪੁਰ ਦੇ ਹਨ ਪਰ ਬਾਅਦ 'ਚ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ 'ਚ ਰਹਿਣ ਲੱਗ ਗਿਆ ਸੀ। ਉਨ੍ਹਾਂ ਦੇ ਭਰਾਵਾਂ ਦਾ ਕਾਰੋਬਾਰ ਅੰਮ੍ਰਿਤਸਰ 'ਚ ਹੀ ਹੈ। ਸਾਬਕਾ ਪ੍ਰਧਾਨ ਮੰਤਰੀ ਅੰਮ੍ਰਿਤਸਰ 'ਚ ਲਗਾਤਾਰ ਆਉਂਦੇ ਰਹਿੰਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਇਕ ਅਤੇ ਪਾਰਟੀ ਵਲੋਂ ਇਹ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਜਾਵੇ ਕਿਉਂਕਿ ਉਹ ਪੂਰੀ ਦੁਨੀਆ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਮੈਸੇਜ ਜਲਦ ਦਿੱਤਾ ਜਾਵੇਗਾ, ਜੇਕਰ ਡਾ. ਮਨਮੋਹਨ ਸਿੰਘ ਚੋਣ ਲੜਦੇ ਹਨ ਤਾਂ ਇਹ ਪੰਜਾਬ ਦਾ ਮਾਣ ਹੋਵੇਗਾ।


Related News