ਹੁਣ ਕਾਰੋਬਾਰੀਆਂ ਨੂੰ ਨਹੀਂ ਖਾਣੇ ਪੈਣਗੇ ਧੱਕੇ, ਅਜਿਹਾ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ
Tuesday, Jun 13, 2023 - 05:16 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਅਤਕਾਰਾਂ ਨੂੰ ਹਰੇ ਰੰਗ ਦੇ ਸਟਾਂਪ ਪੇਪਰ ਦਿੱਤੇ ਗਏ। ਇਸ ਮੌਕੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਇੰਡਸਟਰੀ ਦੀ ਖੱਜਲ-ਖੁਆਰੀ ਘਟਾਉਣ ਲਈ ਜੋ ਹਰੇ ਰੰਗ ਦਾ ਸਟਾਂਪ ਪੇਪਰ ਵਾਲਾ ਫ਼ੈਸਲਾ ਲਿਆ ਸੀ, ਉਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਾ ਪੰਜਾਬ ਪੂਰੇ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਸਨਅਤਕਾਰਾਂ ਨੂੰ ਹਰੇ ਰੰਗ ਦੇ ਸਟਾਂਪ ਪੇਪਰ ਦਿੱਤੇ ਤੇ ਚੰਗੀ ਗੱਲ ਇਹ ਹੈ ਕਿ ਸਿਰਫ 17 ਦਿਨਾਂ ਅੰਦਰ ਹੀ ਇਨ੍ਹਾਂ ਨੂੰ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ 'ਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਤੇ ਵਪਾਰੀਆਂ ਨੂੰ ਕਾਰੋਬਾਰ ਪੱਖੀ ਮਾਹੌਲ ਦੇਣਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਪਹਿਲਾਂ ਜ਼ਮੀਨ ਦੇਖ ਲਵੇਗਾ ਤੇ ਉਹ ਜ਼ਮੀਨ ਬਾਰੇ 'ਇਨਵੈਸਟ ਪੰਜਾਬ' ਦੇ ਦਫ਼ਤਰ ਜਾ ਕੇ ਜਾਂ ਪੋਰਟਲ ਰਾਹੀਂ ਜ਼ਮੀਨ ਬਾਰੇ ਦੱਸ ਦੇਵੇਗਾ। ਇਸ ਤੋਂ ਬਾਅਦ ਇਨਵੈਸਟ ਪੰਜਾਬ ਦੀ ਟੀਮ ਅਤੇ ਬਾਕੀ ਟੀਮਾਂ ਉਸ ਜ਼ਮੀਨ 'ਤੇ ਜਾ ਕੇ ਸਭ ਕੁੱਝ ਕਲੀਅਰ ਕਰ ਦੇਣਗੀਆਂ।
ਇਸ ਤੋਂ ਬਾਅਦ ਵਪਾਰੀ ਨੂੰ ਹਰੇ ਰੰਗ ਦੇ ਸਟਾਂਪ ਪੇਪਰ 'ਤੇ ਰਜਿਸਟਰੀ ਕਰਵਾਉਣ ਲਈ ਕਿਹਾ ਜਾਵੇਗਾ। ਤਹਿਸੀਲਦਾਰ 'ਇਨਵੈਸਟ ਪੰਜਾਬ' ਦੇ ਦਫ਼ਤਰ 'ਚ ਹੀ ਬੈਠਾ ਹੈ ਅਤੇ ਵਪਾਰੀ ਨੂੰ ਕਚਿਹਰੀ 'ਚ ਵੀ ਨਹੀਂ ਜਾਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰੇ ਰੰਗ ਦਾ ਸਟਾਂਪ ਪੇਪਰ ਥੋੜ੍ਹਾ ਮਹਿੰਗਾ ਹੋ ਸਕਦਾ ਹੈ। ਜਦੋਂ ਰਜਿਸਟਰੀ ਹੋ ਗਈ ਤਾਂ ਵਪਾਰੀ ਆਪਣੀ ਫੈਕਟਰੀ ਅਗਲੇ ਦਿਨ ਤੋਂ ਸ਼ੁਰੂ ਕਰ ਸਕਦਾ ਹਾ। ਉਨ੍ਹਾਂ ਕਿਹਾ ਕਿ ਸਾਡੇ ਕੋਲ 6 ਵਪਾਰੀ ਆਏ ਹਨ, ਜਿਨ੍ਹਾਂ ਨੇ ਪਹਿਲੇ 6 ਹਰੇ ਰੰਗ ਦੇ ਸਟਾਂਪ ਪੇਪਰ ਖ਼ਰੀਦ ਕੇ ਖੱਜਲ-ਖੁਆਰੀ ਤੋਂ ਬਚਣ ਲਈ ਉਪਰਾਲੇ ਦਾ ਫ਼ਾਇਦਾ ਚੁੱਕਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ