ਰਾਸ਼ਟਰਮੰਡਲ ਖੇਡਾਂ: ਜਿੱਤ ਦਾ ਝੰਡਾ ਗੱਡਣ ਵਾਲੇ ਵਿਕਾਸ ਠਾਕੁਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
Wednesday, Aug 03, 2022 - 02:50 PM (IST)
 
            
            ਨਵੀਂ ਦਿਲੀ- ਬਰਮਿੰਗਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਵੇਟਲਿਫਟਰ ਵਿਕਾਸ ਠਾਕੁਰ ਨੂੰ ਪੰਜਾਬ ਸਰਕਾਰ 50 ਲੱਖ ਰੁਪਏ ਇਨਾਮ ਵਜੋਂ ਦੇਵੇਗੀ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, 'ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਹੈ। 96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ। ਬਹੁਤ-ਬਹੁਤ ਵਧਾਈਆਂ। ਮਿਹਨਤ ਜਾਰੀ ਰੱਖੋ, ਭਵਿੱਖ ਲਈ ਸ਼ੁਭਕਾਮਨਾਵਾਂ। ਸ਼ਾਬਾਸ਼, ਚੱਕਦੇ ਇੰਡੀਆ…!' ਇਕ ਦੂਜੇ ਟਵੀਟ ਵਿਚ ਉਨ੍ਹਾਂ ਕਿਹਾ, 'ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਵਿਕਾਸ ਨੂੰ 50 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਪੰਜਾਬ ਦੇ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਅਤੇ ਸੰਭਵ ਮਦਦ ਕਰਨ ਲਈ ਮੇਰੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।'

ਦੱਸ ਦੇਈਏ ਕਿ ਭਾਰਤ ਦੇ ਹੈਵੀਵੇਟ ਲਿਫਟਰ ਵਿਕਾਸ ਠਾਕੁਰ ਨੇ ਮੰਗਲਵਾਰ ਨੂੰ ਇੱਥੇ 96 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਹੋਰ ਤਮਗਾ ਆਪਣੇ ਨਾਮ ਕੀਤਾ। ਅਨੁਭਵੀ ਠਾਕੁਰ ਨੇ ਕੁੱਲ 346 ਕਿਲੋਗ੍ਰਾਮ (155 ਕਿਲੋਗ੍ਰਾਮ ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਰਾਸ਼ਟਰਮੰਡਲ ਖੇਡਾਂ ਵਿੱਚ ਠਾਕੁਰ ਦਾ ਇਹ ਦੂਜਾ ਚਾਂਦੀ ਦਾ ਤਗਮਾ ਹੈ। ਉਹ 2014 ਦੀਆਂ ਗਲਾਸਗੋ ਖੇਡਾਂ ਵਿੱਚ ਵੀ ਦੂਜੇ ਸਥਾਨ 'ਤੇ ਰਹੇ ਸਨ, ਜਦੋਂ ਕਿ ਉਨ੍ਹਾਂ ਨੇ ਗੋਲਡ ਕੋਸਟ ਵਿੱਚ 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਮੋਆ ਦੇ ਡੌਨ ਓਪੇਲੋਘੇ ਨੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਕੁੱਲ 381 ਕਿਲੋਗ੍ਰਾਮ (171 ਕਿਲੋਗ੍ਰਾਮ ਅਤੇ 210 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਅਤੇ 2018 ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ, ਜਿੱਥੇ ਉਸਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਦੇ ਨਕਦ ਇਨਾਮ ਦਾ ਐਲਾਨ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            