ਵਿਨੀ ਮਹਾਜਨ ਨੇ ਪੰਜਾਬ ਦੀ ਪਹਿਲੀ ਪ੍ਰਮੁੱਖ ਸਕੱਤਰ ਬੀਬੀ ਵਜੋਂ ਸੰਭਾਲਿਆ ਅਹੁਦਾ

06/26/2020 11:28:04 PM

ਬੁਢਲਾਡਾ,(ਮਨਜੀਤ) : ਪੰਜਾਬ ਸਰਕਾਰ ਨੇ ਡੀ. ਜੀ. ਪੀ ਪੰਜਾਬ ਦਿਨਕਰ ਗੁਪਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਨੀ ਮਹਾਜਨ ਨੂੰ ਦੋ ਵੱਡੇ ਅਹੁਦਿਆਂ 'ਤੇ ਤਾਇਨਾਤ ਕਰਕੇ ਸੂਬੇ 'ਚ ਇਤਿਹਾਸ ਰਚਿਆ ਹੈ। ਇਹ ਪਹਿਲੀ ਜੋੜੀ ਹੈ ਕਿ ਸੂਬੇ ਦੀ ਸਰਕਾਰ ਅੰਦਰ ਦੋਵਾਂ ਨੇ ਪੰਜਾਬ ਦੇ ਦੋਵੇਂ ਪ੍ਰਮੁੱਖ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਸਰਕਾਰ ਦਾ ਵਿਸ਼ਵਾਸ਼ ਜਿੱਤਿਆ ਅਤੇ ਵਿਨੀ ਮਹਾਜਨ ਨੇ ਪਹਿਲੀ ਮੁੱਖ ਸਕੱਤਰ ਬੀਬੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਆਦੇਸ਼ਾਂ 'ਤੇ ਨਸ਼ਿਆਂ ਅਤੇ ਕੋਰੋਨਾ ਦੇ ਖ਼ਿਲਾਫ਼ ਕੰਮ ਕਰਦਿਆਂ ਦੇਸ਼ 'ਚ ਮਿਸਾਲ ਪੈਦਾ ਕੀਤੀ ਅਤੇ ਸਰਕਾਰ ਦਾ ਵਿਸ਼ਵਾਸ਼ ਜਿੱਤਿਆ। ਜਿਸ ਦੇ ਨਾਲ ਸਿਹਤ ਸਕੱਤਰ ਰਹੀ ਦਿਨਕਰ ਗੁਪਤਾ ਦੀ ਧਰਮ ਪਤਨੀ ਡਾ:ਵਿੰਨੀ ਮਹਾਜਨ ਨੂੰ ਪੰਜਾਬ ਦੀ ਪਹਿਲੀ ਮੁੱਖ ਸਕੱਤਰ ਬੀਬੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਕੋਈ ਵੀ ਬੀਬੀ ਬਿਰਾਜਮਾਨ ਨਹੀਂ ਰਹੀ ਹੈ। ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿੱਚ ਇਹ ਕੀਰਤੀਮਾਨ ਬਣਿਆ ਹੈ ਕਿ ਡਾ: ਵਿੰਨੀ ਮਹਾਜਨ ਨੇ ਆਪਣੀ ਕਾਰਗੁਜਾਰੀ ਅਤੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਕੰਮ ਬਦਲੇ ਸਰਕਾਰ ਦਾ ਵਿਸ਼ਵਾਸ਼ ਜਿੱਤਿਆ।
ਅੱਜ ਸਰਕਾਰ ਨੇ ਉਨ੍ਹਾਂ ਦੇ ਇਮਾਨਦਾਰੀ ਨਾਲ ਕੀਤੇ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਅਹੁਦੇ 'ਤੇ ਬਿਰਾਜਮਾਨ ਕੀਤਾ ਹੈ। ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ, ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਅਤੇ ਗੁਰਪ੍ਰੀਤ ਕੌਰ ਗਾਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਇਸ ਨੂੰ ਦੂਰ-ਅੰਦੇਸ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੇ ਕੰਮ ਕਰਨ ਵਾਲੇ ਮਿਹਨਤੀ ਇਮਾਨਦਾਰ ਅਫਸਰਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਜੋ ਮਾਣ ਬਖਸਿਆ ਹੈ, ਉਹ ਸਾਡੇ ਪੰਜਾਬ ਲਈ ਫਖਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਯੋਜਨਾ ਭਵਿੱਖ ਵਿੱਚ ਪੰਜਾਬ ਦੇ ਵਿਕਾਸ ਲਈ ਗਤੀਸ਼ੀਲ ਅਗਵਾਈ ਲੈ ਕੇ ਆਵੇਗੀ। ਉਸ ਨੂੰ ਉਕਤ ਅਧਿਕਾਰੀ ਪਾਰਦਰਸ਼ੀ ਢੰਗ ਨਾਲ ਪੰਜਾਬ ਦੇ ਭਲੇ ਲਈ ਲਾਗੂ ਕਰਨਗੇ।


Deepak Kumar

Content Editor

Related News