ਰਾਜਾ ਵੜਿੰਗ, ਪ੍ਰਗਟ, ਨਾਗਰਾ ਤੇ ਰਾਣਾ ਸੋਢੀ ਦੇ ਨਾਵਾਂ ''ਤੇ ਫਸਿਆ ਪੇਚ

Friday, Apr 20, 2018 - 06:58 AM (IST)

ਚੰਡੀਗੜ੍ਹ/ ਜਲੰਧਰ  (ਭੁੱਲਰ, ਰਵਿੰਦਰ ਸ਼ਰਮਾ) - ਪੰਜਾਬ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪ੍ਰਦੇਸ਼ ਇੰਚਾਰਜ ਆਸ਼ਾ ਕੁਮਾਰੀ ਤੇ ਸਹਿ ਇੰਚਾਰਜ ਹਰੀਸ਼ ਚੌਧਰੀ ਦੀ ਹੋਈ ਬੈਠਕ ਵਿਚ ਨਵੇਂ ਮੰਤਰੀਆਂ ਦੇ ਨਾਵਾਂ ਦੀ ਸੂਚੀ 'ਤੇ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਮੀਟਿੰਗ ਵਿਚ ਭਾਵੇਂ ਮੰਤਰੀ ਮੰਡਲ ਵਿਸਤਾਰ ਨੂੰ ਪ੍ਰਵਾਨਗੀ ਮਿਲ ਗਈ ਹੈ ਪਰ ਲਗਾਤਾਰ 3 ਘੰਟੇ ਵਿਚਾਰ ਚਰਚਾ ਦੌਰਾਨ ਮੀਟਿੰਗ 'ਚ ਰਾਹੁਲ ਸਾਹਮਣੇ ਰੱਖੀ ਗਈ ਸੰਭਾਵਿਤ ਮੰਤਰੀਆਂ ਦੀ ਸੂਚੀ 'ਚ ਕੁਝ ਨਾਵਾਂ 'ਤੇ ਸਹਿਮਤੀ ਨਹੀਂ ਹੋ ਸਕੀ। ਹੁਣ ਅੰਤਿਮ ਫੈਸਲੇ ਲਈ 20 ਅਪ੍ਰੈਲ ਨੂੰ ਬਾਅਦ ਦੁਪਹਿਰ ਮੁੜ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਵੇਗੀ। ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਰਾਹੁਲ ਨਾਲ ਮੁੜ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮੀਟਿੰਗ ਵਿਚ ਸਾਰੇ ਨਾਵਾਂ 'ਤੇ ਫੈਸਲਾ ਹੋ ਗਿਆ ਤਾਂ 24 ਅਪ੍ਰੈਲ ਨੂੰ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਪਤਾ ਲੱਗਾ ਹੈ ਕਿ 22 ਅਤੇ 23 ਅਪ੍ਰੈਲ ਨੂੰ ਰਾਜਪਾਲ ਦੇ ਕੁਝ ਰੁਝੇਵਿਆਂ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਨੂੰ 24 ਅਪ੍ਰੈਲ ਨੂੰ ਸਹੁੰ ਚੁੱਕ ਸਮਾਗਮ ਰੱਖੇ ਜਾਣ ਦਾ ਸੁਝਾਅ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ 'ਤੇ ਚਰਚਾ ਲਈ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ 17 ਨਾਵਾਂ ਦੀ ਸੂਚੀ ਤਿਆਰ ਹੋਈ ਸੀ। ਅੱਜ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੇ ਮੁੜ ਆਪਣੀ ਮੀਟਿੰਗ ਕੀਤੀ, ਜਿਸ ਵਿਚ ਸੂਚੀ 'ਤੇ ਚਰਚਾ ਤੋਂ ਬਾਅਦ 17 ਨਾਂ ਰੱਖ ਲਏ ਗਏ ਸਨ।
ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਨਾਲ ਇਨ੍ਹਾਂ ਨਾਵਾਂ 'ਤੇ ਚਰਚਾ ਦੌਰਾਨ ਭਾਵੇਂ ਕੁਝ ਨਾਵਾਂ 'ਤੇ ਤਾਂ ਸਹਿਮਤੀ ਹੋ ਗਈ ਪਰ ਕੁਝ 'ਤੇ ਗੱਲ ਨਹੀਂ ਬਣੀ। ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਰੰਧਾਵਾ, ਅੰਮ੍ਰਿਤਸਰ ਤੋਂ ਡਾ. ਵੇਰਕਾ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ ਤੇ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਦੇ ਨਾਵਾਂ 'ਤੇ ਸਹਿਮਤੀ ਬਣੀ ਹੈ ਪਰ ਰਾਜਾ ਵੜਿੰਗ, ਪ੍ਰਗਟ ਸਿੰਘ, ਕੁਲਜੀਤ ਨਾਗਰਾ, ਰਾਣਾ ਗੁਰਮੀਤ ਸੋਢੀ ਦੇ ਨਾਵਾਂ 'ਤੇ ਹਾਲੇ ਪੇਚ ਫਸਿਆ ਹੋਇਆ ਹੈ।
ਸੁਣਨ 'ਚ ਆਇਆ ਹੈ ਕਿ ਰਾਜਾ ਵੜਿੰਗ ਤੇ ਪ੍ਰਗਟ ਸਿੰਘ ਦੇ ਰਾਹੁਲ ਗਾਂਧੀ ਤਾਂ ਹੱਕ 'ਚ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ 'ਤੇ ਸਹਿਮਤ ਨਹੀਂ ਹੋ ਰਹੇ। ਇਸ ਤਰ੍ਹਾਂ ਸੁਨੀਲ ਜਾਖੜ ਵੀ ਕੁਝ ਨਾਵਾਂ 'ਤੇ ਸਹਿਮਤ ਨਹੀਂ, ਜਿਸ ਕਾਰਨ ਰਾਣਾ ਸੋਢੀ ਦੀ ਵੀ ਗੱਲ ਬਣਦੀ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਸੰਗਤ ਸਿੰਘ ਗਿਲਜੀਆਂ, ਗੁਰਪ੍ਰੀਤ ਕਾਂਗੜ, ਨਵਤੇਜ ਚੀਮਾ, ਸੁਖ ਸਰਕਾਰੀਆ ਅਤੇ ਓ.ਪੀ. ਸੋਨੀ ਆਦਿ ਨੂੰ ਮੰਤਰੀ ਬਣਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਹੁਣ ਨਾਵਾਂ 'ਤੇ ਅੰਤਿਮ ਫੈਸਲਾ ਰਾਹੁਲ ਗਾਂਧੀ ਦੀ 20 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ 'ਤੇ ਨਿਰਭਰ ਹੈ।


Related News