ਮੰਤਰੀ ਬਣਨ ਦੇ ਚਾਹਵਾਨ ਕਰ ਰਹੇ ਹਨ ਉਡੀਕ, ਜਾਣੋ ਕਦੋਂ ਹੋ ਸਕਦੈ ਪੰਜਾਬ ਕੈਬਨਿਟ ਦਾ ਵਿਸਤਾਰ
Thursday, May 19, 2022 - 11:10 PM (IST)
ਜਲੰਧਰ (ਧਵਨ) : ਪੰਜਾਬ ਕੈਬਨਿਟ ਵਿਚ ਵਿਸਤਾਰ ਅਜੇ ਕੁਝ ਰੁਕ ਕੇ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲਿਆਂ ਦਾ ਮੰਨਣਾ ਹੈ ਕਿ ਅਜੇ ਤੱਕ ਕੈਬਨਿਟ ਵਿਚ ਵਿਸਤਾਰ ਸਬੰਧੀ ਕੋਈ ਚਰਚਾ ਨਹੀਂ ਹੋਈ। ਹਾਲਾਂਕਿ ਮੁੱਖ ਮੰਤਰੀ ਬੀਤੇ ਦਿਨੀਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ ਪਰ ਇਸ ਵਿਸ਼ੇ ’ਤੇ ਕੋਈ ਗੱਲਬਾਤ ਨਹੀਂ ਹੋਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁਲ 18 ਮੰਤਰੀ ਬਣਾਏ ਜਾ ਸਕਦੇ ਹਨ। ਪਹਿਲੇ ਪੜਾਅ ਵਿਚ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ। ਦੂਜੇ ਪੜਾਅ ਵਿਚ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ। ਇਸ ਹਿਸਾਬ ਨਾਲ ਅਜੇ ਵੀ ਪੰਜਾਬ ਮੰਤਰੀ ਮੰਡਲ ਵਿਚ 7 ਮੰਤਰੀਆਂ ਦੇ ਅਹੁਦੇ ਖ਼ਾਲੀ ਪਏ ਹਨ। ਇਨ੍ਹਾਂ ਨੂੰ ਭਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਹੀ ਸਮੇਂ ਦੀ ਉਡੀਕ ’ਚ ਹਨ।
ਇਹ ਵੀ ਪੜ੍ਹੋ: ਲੋਕ ਸਭਾ ਹਲਕਾ ਸੰਗਰੂਰ 'ਚ ਜ਼ਿਮਨੀ ਚੋਣ ਦੀ ਆਹਟ, 'ਆਪ' ਦੇ ਸੰਭਾਵੀ ਉਮੀਦਵਾਰ 'ਤੇ ਟਿਕੀਆਂ ਨਜ਼ਰਾਂ
ਮੰਨਿਆ ਜਾ ਰਿਹਾ ਹੈ ਕਿ ਭਾਵੇਂ ਕਈ ਸੀਨੀਅਰ ਵਿਧਾਇਕ ਮੰਤਰੀ ਬਣਨ ਦੇ ਇੱਛੁਕ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਕੁਝ ਸਮੇਂ ਬਾਅਦ ਹੀ ਕੈਬਨਿਟ ਦੇ ਵਿਸਤਾਰ ਬਾਰੇ ਫ਼ੈਸਲਾ ਲਿਆ ਜਾਵੇਗਾ। ਭਗਵੰਤ ਮਾਨ ਇਹ ਵੀ ਚਾਹੁੰਦੇ ਹਨ ਕਿ ਸਰਕਾਰ ਅਗਲੇ ਕੁਝ ਮਹੀਨਿਆਂ ਵਿਚ ਪੂਰੀ ਤਰ੍ਹਾਂ ਸਥਿਰ ਹੋ ਜਾਵੇ, ਝੋਨੇ ਦੀ ਬਿਜਾਈ ਦਾ ਮੌਸਮ ਠੀਕ ਤਰ੍ਹਾਂ ਨਿਕਲ ਜਾਵੇ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਸਰਕਾਰ ਦੀ ਮਜ਼ਬੂਤੀ ਨਾਲ ਪਕੜ ਬਣ ਜਾਵੇ। ਉਸ ਪਿੱਛੋਂ ਹੀ ਮੁੱਖ ਮੰਤਰੀ ਕੈਬਨਿਟ ਦੇ ਵਿਸਤਾਰ ਵੱਲ ਧਿਆਨ ਦੇਣਗੇ। ਮੰਤਰੀਆਂ ਕੋਲ ਵੱਖ-ਵੱਖ ਵਿਭਾਗਾਂ ਦਾ ਬੋਝ ਬਹੁਤ ਜ਼ਿਆਦਾ ਹੈ। ਇਸ ਨੂੰ ਹਲਕਾ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਨਵੇਂ ਮੰਤਰੀ ਬਣਾਏ ਜਾਣ ਅਤੇ ਉਨ੍ਹਾਂ ਵਿਚਕਾਰ ਵਿਭਾਗਾਂ ਦੀ ਵੰਡ ਕੀਤੀ ਜਾਵੇ।
ਇਹ ਵੀ ਪੜ੍ਹੋ: ਵਾਇਰਲ ਵੀਡੀਓ 'ਚ ਮਾਤਾ ਦੁਰਗਾ ਤੇ ਸ਼੍ਰੀ ਕਾਲੀ ਮਾਤਾ ਬਾਰੇ ਅਪਸ਼ਬਦ ਬੋਲਣ ਵਾਲਾ ਆਇਆ ਪੁਲਸ ਅੜਿੱਕੇ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ