ਪੰਜਾਬ ਮੰਤਰੀ ਮੰਡਲ ਵਾਧੇ ਦੀ 1 ਸਾਲ ਚੱਲੀ ਉਡੀਕ ''ਚ ਆਖਿਰ ਜਲੰਧਰ ਪਛੜਿਆ

04/21/2018 11:40:51 AM

ਜਲੰਧਰ (ਚੋਪੜਾ)— ਪਿਛਲੇ 1 ਸਾਲ ਤੋਂ ਪੰਜਾਬ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਉਡੀਕ ਹੁਣ ਖਤਮ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਸਹਿਮਤੀ ਹਾਸਲ ਕਰਨ ਉਪਰੰਤ 9 ਕੈਬਨਿਟ ਮੰਤਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਇਸ ਸੂਚੀ 'ਚ ਜਲੰਧਰ ਜ਼ਿਲੇ ਨਾਲ ਸਬੰਧਿਤ ਕਿਸੇ ਵਿਧਾਇਕ ਦਾ ਨਾਂ ਨਾ ਸ਼ਾਮਲ ਹੋਣ ਕਾਰਨ ਕਾਂਗਰਸੀ ਵਰਕਰਾਂ ਵਿਚ ਭਾਰੀ ਨਿਰਾਸ਼ਾ ਹੈ। ਕਿਉਂਕਿ ਵਿਧਾਇਕਾਂ ਦੇ ਸਮਰੱਥਕਾਂ ਤੇ ਵਰਕਰਾਂ ਨੂੰ ਪੂਰੀ ਆਸ ਸੀ ਮੰਤਰੀ ਮੰਡਲ ਵਾਧੇ ਵਿਚ ਜ਼ਿਲੇ ਨੂੰ ਨੁਮਾਇੰਦਗੀ ਦੇਣ ਖਾਤਿਰ ਕਿਸੇ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਜ਼ਰੂਰ ਮਿਲੇਗਾ ਪਰ 18 ਅਪ੍ਰੈਲ ਨੂੰ ਦਿੱਲੀ ਵਿਚ ਕੈ. ਅਮਰਿੰਦਰ ਦੀ ਸੂਬਾ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ, ਸਹਿ-ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਹੋਈ ਮੀਟਿੰਗ ਦੌਰਾਨ ਫਾਈਨਲ ਹੋਇਆ ਕਿ ਪਹਿਲੀ ਵਾਰ ਜੇਤੂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਸ਼ਰਤ ਨਾਲ ਜਿੱਥੇ ਦਲਿਤ ਵਿਧਾਇਕ ਸੁਸ਼ੀਲ ਰਿੰਕੂ, ਹਿੰਦੂ ਸਮਾਜ ਨਾਲ ਸਬੰਧਤ ਵਿਧਾਇਕ ਰਾਜਿੰਦਰ ਬੇਰੀ, ਜੱਟ ਸਿੱਖ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਅਤੇ ਦਲਿਤ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ, ਉਥੇ ਹੀ ਅੰਤਰ ਰਾਸ਼ਟਰੀ ਹਾਕੀ ਖਿਡਾਰੀ ਅਤੇ ਲੋਕਲ ਬਾਡੀਜ਼ ਮੰਤਰੀ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਦਾ ਨਾਂ ਵੀ ਉੱਭਰ ਕੇ ਸਾਹਮਣੇ ਆਇਆ ਸੀ। ਪਰਗਟ ਸਿੰਘ ਦੂਜੀ ਵਾਰ ਵਿਧਾਇਕ ਬਣੇ ਸਨ। ਪਹਿਲੀ ਵਾਰ ਉਹ 2012 'ਚ ਅਕਾਲੀ ਦਲ ਦੀ ਸੀਟ ਤੋਂ ਅਤੇ ਦੂਜੀ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋ ਕੇ ਕੈਂਟ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਪਰਗਟ ਸਿੰਘ ਦਾ ਨਾਂ ਸੰਭਾਵਿਤ ਖੇਡ ਮੰਤਰੀ ਦੇ ਤੌਰ 'ਤੇ ਵੀ ਉੱਭਰ ਕੇ ਸਾਹਮਣੇ ਆਇਆ ਸੀ ਅਤੇ ਪਾਰਟੀ ਹਾਈਕਮਾਨ ਵੱਲੋਂ ਬਣੀ ਅੰਤਿਮ ਵਿਧਾਇਕਾਂ ਦੀ ਸੂਚੀ 'ਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਸੀ ਪਰ ਅੰਤਿਮ ਸਮੇਂ 'ਤੇ ਉਨ੍ਹਾਂ ਦੇ ਨਾਂ 'ਤੇ ਸਰਬਸੰਮਤੀ ਨਾ ਬਣਨ ਕਾਰਨ ਵਿਧਾਇਕ ਪਰਗਟ ਸਿੰਘ ਦਾ ਪੱਤਾ ਕੱਟਿਆ ਗਿਆ। ਹੁਣ ਜ਼ਿਲੇ ਦੇ ਚਾਰੇ ਵਿਧਾਇਕਾਂ ਨੂੰ ਮੁੱਖ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਅਗਲੀ ਅਡਜਸਟਮੈਂਟ ਦੀ ਉਡੀਕ ਰਹੇਗੀ। 
ਜਲੰਧਰ ਨੇ ਦਿੱਤੇ 3 ਮੁੱਖ ਮੰਤਰੀ ਤੇ ਅਨੇਕਾਂ ਮਹਾਰਥੀ ਮੰਤਰੀ, ਹੁਣ ਇਕ ਮੰਤਰੀ ਅਹੁਦੇ ਨੂੰ ਤਰਸਿਆ
ਕਾਂਗਰਸ ਦੇ ਇਤਿਹਾਸ 'ਚ ਕਰੀਬ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਅਜਿਹੀ ਸਥਿਤੀ ਬਣੀ ਹੈ ਕਿ ਪੰਜਾਬ ਨੂੰ ਤਿੰਨ ਮੁੱਖ ਮੰਤਰੀ ਅਤੇ ਅਨੇਕਾਂ ਖੁੰਢ ਸਿਆਸਤਦਾਨ ਦੇਣ ਵਾਲਾ ਜ਼ਿਲਾ ਸਿਰਫ 1 ਮੰਤਰੀ ਦੇ ਅਹੁਦੇ ਨੂੰ ਤਰਸ ਗਿਆ ਹੈ। ਉਸ ਤੋਂ ਪਹਿਲਾਂ ਸਵ. ਦਰਬਾਰਾ ਸਿੰਘ, ਸਵ. ਕਾਮਰੇਡ ਰਾਮ ਕਿਸ਼ਨ ਅਤੇ ਸਵ. ਬੇਅੰਤ ਸਿੰਘ ਜਿਹੇ ਕਾਂਗਰਸ ਦੇ ਕੱਦਾਵਰ ਆਗੂਆਂ ਨੇ ਜਿੱਥੇ ਸੂਬੇ 'ਚ ਆਪਣੀ ਬੇਹੱਦ ਧਾਕ ਜਮਾਈ ਰੱਖੀ ਉਥੇ ਹੀ ਸੂਬਾਈ ਮੁੱਖ ਮੰਤਰੀ ਵੀ ਬਣੇ। ਉਕਤ ਤਿੰਨੋਂ ਸਾਬਕਾ ਮੁੱਖ ਮੰਤਰੀਆਂ ਸਮੇਤ 2002 ਤੋਂ ਲੈ ਕੇ 2007 ਤੱਕ ਦੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵਿਚ ਜਲੰਧਰ ਦੇ ਅਨੇਕਾਂ ਖੁੰਢ ਆਗੂ ਸ਼ਾਮਲ ਰਹੇ ਹਨ। ਜਿਸ ਕਾਰਨ ਸੂਬੇ ਭਰ 'ਚ ਜਲੰਧਰ ਨੂੰ ਇਕ ਖਾਸ ਅਹਿਮੀਅਤ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਦੀਆਂ ਕਾਂਗਰਸੀ ਦੀਆਂ ਸਾਰੀਆਂ ਸਰਕਾਰਾਂ 'ਚ ਸ਼ਾਮਲ ਪ੍ਰਮੁੱਖ ਮੰਤਰੀਆਂ ਵਿਚ ਸਵ. ਲਾਲਾ ਜਗਤ ਨਾਰਾਇਣ ਜੀ, ਸਵ. ਦਰਸ਼ਨ ਸਿੰਘ ਕੇ.ਪੀ., ਸਵ. ਯਸ਼, ਸਵ. ਮਾਸਟਰ ਗੁਰਬੰਤਾ ਸਿੰਘ, ਸਵ. ਪਿਆਰਾ ਰਾਮ ਧੰਨੋਵਾਲੀ, ਸਵ. ਚੌਧਰੀ ਜਗਜੀਤ ਸਿੰਘ, ਮੋਹਿੰਦਰ ਸਿੰਘ ਕੇ. ਪੀ., ਅਵਤਾਰ ਹੈਨਰੀ ਅਤੇ ਜੈਕਿਸ਼ਨ ਸੈਣੀ ਜਿਹੇ ਆਗੂ ਸ਼ਾਮਲ ਸਨ।


Related News