ਪੰਜਾਬ ਮੰਤਰੀ ਮੰਡਲ ''ਚ ਫੇਰਬਦਲ ਲਈ ਅਗਲੇ ਹਫਤੇ ਤੋਂ ਸਿਆਸੀ ਸਰਗਰਮੀਆਂ ਗਰਮਾਉਣਗੀਆਂ

02/16/2018 11:25:36 AM

ਜਲੰਧਰ(ਧਵਨ)— ਪੰਜਾਬ ਮੰਤਰੀ ਮੰਡਲ ਨੂੰ ਲੈ ਕੇ ਅਗਲੇ ਹਫਤੇ ਤੋਂ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ ਗਰਮਾਉਣ ਜਾ ਰਹੀਆਂ ਹਨ ਅਤੇ ਮੰਤਰੀ ਅਹੁਦੇ ਦੇ ਚਾਹਵਾਨ ਵਿਧਾਇਕਾਂ ਨੇ ਅੰਤਿਮ ਦੌਰ ਵਿਚ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੁਭਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ ਕਿਉਂਕਿ ਵਿਧਾਇਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਮੰਤਰੀ ਅਹੁਦਾ ਕੈਪਟਨ ਅਮਰਿੰਦਰ ਸਿੰਘ ਦਾ ਭਰੋਸਾ ਹੀ ਦਿਵਾ ਸਕਦਾ ਹੈ। 
ਕੈਪਟਨ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਹੋਣ ਵਾਲੀ ਇਕ ਹੋਰ ਮੀਟਿੰਗ ਸਿਰਫ ਰਸਮ ਹੀ ਹੋਵੇਗੀ ਕਿਉਂਕਿ ਕੈਪਟਨ ਵੱਲੋਂ ਜੋ ਸੂਚੀ ਰਾਹੁਲ ਗਾਂਧੀ ਨੂੰ ਸੌਂਪੀ ਜਾਵੇਗੀ, ਉਸ 'ਤੇ ਰਾਹੁਲ ਦੀ ਮੋਹਰ ਲੱਗਣੀ ਤੈਅ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਕੈਪਟਨ ਵੱਲੋਂ ਤੈਅ ਕੀਤੇ ਜਾਣ ਵਾਲੇ ਸੰਭਾਵੀ ਮੰਤਰੀਆਂ ਦੇ ਨਾਵਾਂ 'ਤੇ ਆਪਣੀ ਸਹਿਮਤੀ ਦੇ ਦੇਣਗੇ। ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਚਿਹਰਿਆਂ ਨੂੰ ਲੈ ਕੇ ਕੈਪਟਨ ਪੂਰੀ ਤਰ੍ਹਾਂ ਚੌਕਸੀ ਵਰਤ ਰਹੇ ਹਨ। ਇਕ ਤਾਂ ਮੁੱਖ ਮੰਤਰੀ ਸਾਫ-ਸੁਥਰੇ ਅਕਸ ਵਾਲੇ ਵਿਧਾਇਕਾਂ ਨੂੰ ਹੀ ਮੰਤਰੀ ਮੰਡਲ ਦਾ ਹਿੱਸਾ ਬਣਾਉਣ ਜਾ ਰਹੇ ਹਨ ਅਤੇ ਦੂਜਾ ਉਹ ਕੁਝ ਨੌਜਵਾਨ ਵਿਧਾਇਕਾਂ ਨੂੰ ਵੀ ਆਪਣੇ ਮੰਤਰੀ ਮੰਡਲ ਵਿਚ ਜਗ੍ਹਾ ਦੇਣ ਜਾ ਰਹੇ ਹਨ। ਇਹ ਨੌਜਵਾਨ ਵਿਧਾਇਕ ਮਾਲਵਾ ਖੇਤਰ ਨਾਲ ਸੰਬੰਧਤ ਹੋ ਸਕਦੇ ਹਨ। 
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਮੰਤਰੀ ਮੰਡਲ ਵਿਸਤਾਰ 'ਚ ਕੈਪਟਨ ਪੁਰਾਣੀ ਵਫਾਦਾਰੀ ਨੂੰ ਹੀ ਧਿਆਨ ਵਿਚ ਰੱਖਣਗੇ। ਮੰਤਰੀ ਮੰਡਲ ਦੇ ਵਿਸਤਾਰ ਦੇ ਜ਼ਰੀਏ ਕੈਪਟਨ ਆਪਣੀ ਤਾਕਤ ਨੂੰ ਵੀ ਮੰਤਰੀ ਮੰਡਲ ਵਿਚ ਵਧਾਉਣਗੇ, ਇਸ ਲਈ ਜਿਨ੍ਹਾਂ ਵਿਧਾਇਕਾਂ ਨੇ ਮੁਸ਼ਕਿਲ ਸਮੇਂ ਵਿਚ ਕੈਪਟਨ ਦਾ 10 ਸਾਲਾਂ ਤਕ ਸਾਥ ਦਿੱਤਾ, ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਮੁੱਖ ਮੰਤਰੀ ਨੇ ਇਹ ਤੈਅ ਕਰਨਾ ਹੈ ਕਿ ਉਨ੍ਹਾਂ ਨੇ ਮੰਤਰੀ ਮੰਡਲ ਵਿਚ ਸਾਰੇ ਅਹੁਦਿਆਂ ਨੂੰ ਭਰਨਾ ਹੈ ਜਾਂ ਨਹੀਂ। ਇਕ ਵਿਚਾਰ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਮੰਤਰੀਆਂ ਦੇ ਦੋ ਅਹੁਦਿਆਂ ਨੂੰ ਖਾਲੀ ਛੱਡ ਦਿੱਤਾ ਜਾਵੇ ਤਾਂਕਿ ਭਵਿੱਖ ਵਿਚ ਮੰਤਰੀ ਮੰਡਲ ਵਿਸਤਾਰ ਦਾ ਰਾਹ ਖੁੱਲ੍ਹਾ ਰਹੇ। ਮੰਤਰੀ ਮੰਡਲ ਵਿਸਤਾਰ ਲਈ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਦੋਆਬਾ ਦੇ ਕੁਝ ਜ਼ਿਲਿਆਂ ਨੂੰ ਪ੍ਰਤੀਨਿਧਤਾ ਮਿਲਣ ਦੇ ਆਸਾਰ ਹਨ।


Related News