ਪੰਜਾਬ ਵਜ਼ਾਰਤ ਦੀ ਮੀਟਿੰਗ 9 ਨੂੰ, ਅਹਿਮ ਫੈਸਲਿਆਂ ਦੀ ਸੰਭਾਵਨਾ
Tuesday, Jan 07, 2020 - 06:28 PM (IST)

ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵਜ਼ਾਰਤ ਦੀ ਮੀਟਿੰਗ 9 ਜਨਵਰੀ ਨੂੰ ਚੰਡੀਗੜ੍ਹ 'ਚ ਸੱਦੀ ਹੈ, ਜਿਸ 'ਚ ਕੁਝ ਅਹਿਮ ਫੈਸਲੇ ਲਏ ਜਾਣਗੇ। ਸਰਕਾਰੀ ਤਰਜਮਾਨ ਦੇ ਅਨੁਸਾਰ ਨਵੇਂ ਸਾਲ 'ਚ ਵਜ਼ਾਰਤ ਦੀ ਇਹ ਪਹਿਲੀ ਮੀਟਿੰਗ ਹੋਵੇਗੀ।
ਵਜ਼ਾਰਤ ਦੀ ਮੀਟਿੰਗ 'ਚ ਰਾਜ ਵਿਧਾਨ ਸਭਾ ਦਾ ਜਨਵਰੀ ਮਹੀਨੇ 'ਚ ਵਿਸ਼ੇਸ਼ ਇਜਲਾਸ ਸੱਦੇ ਦੀਆਂ ਤਰੀਕਾਂ ਬਾਰੇ ਫੈਸਲਾ ਲਿਆ ਜਾਵੇਗਾ, ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੁਝ ਹੋਰਨਾਂ ਫੈਸਲਿਆਂ 'ਤੇ ਵੀ ਮੋਹਰ ਲਾਈ ਜਾਵੇਗੀ। ਰਾਜ ਸਭਾ ਦਾ ਇਹ ਇਜਲਾਸ ਇਸ ਵਾਸਤੇ ਸੱਦਿਆ ਜਾ ਰਿਹਾ ਹੈ ਤਾਂ ਕਿ ਲੋਕ ਸਭਾ ਅਤੇ ਰਾਜ ਦੇ ਵਿਧਾਨ ਸਭਾ 'ਚ ਅਗਲੇ ਦਸ ਸਾਲਾਂ ਲਈ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਦੇਣ ਬਾਰੇ ਤਰਮੀਮੀ ਬਿੱਲ ਦੀ ਪੁਸ਼ਟੀ ਕੀਤੀ ਜਾ ਸਕੇ। ਰਿਜ਼ਰਵੇਸ਼ਨ ਬਾਰੇ ਸੋਧ ਬਿਲ ਦੀ ਤਸਦੀਕ ਜਨਵਰੀ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਕੀਤੇ ਜਾਣਾ ਜ਼ਰੂਰੀ ਹੈ। ਜਨਵਰੀ ਮਹੀਨੇ 'ਚ ਕੈਪਟਨ ਸਰਕਾਰ ਵੱਲੋਂ ਕੁਝ ਅਹਿਮ ਐਲਾਨ ਵੀ ਕੀਤੇ ਜਾਣੇ ਹਨ। 26 ਜਨਵਰੀ ਨੂੰ ਸਭ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸਮਾਰਟ ਫੋਨ ਦੀ ਵੰਡ ਦਾ ਸ਼ੁਭ ਆਰੰਭ ਖੁਦ ਮੁੱਖ ਮੰਤਰੀ ਵੱਲੋਂ ਗਣਤੰਤਰ ਦਿਹਾੜੇ ਦੇ ਅਵਸਰ 'ਤੇ ਕੀਤਾ ਜਾਵੇਗਾ।