ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ''ਚ ਲਏ ਗਏ ਅਹਿਮ ਫੈਸਲੇ

Friday, Oct 25, 2019 - 01:21 PM (IST)

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ''ਚ ਲਏ ਗਏ ਅਹਿਮ ਫੈਸਲੇ

ਬਟਾਲਾ/ਚੰਡੀਗੜ੍ਹ (ਬੇਰੀ, ਮਠਾਰੂ, ਜ. ਬ., ਗੋਰਾਇਆ, ਖੋਖਰ, ਅਸ਼ਵਨੀ) : ਪੰਜਾਬ ਮੰਤਰੀ ਮੰਡਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ 6 ਨਵੰਬਰ ਨੂੰ 15ਵੀਂ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 174 (1) ਤਹਿਤ ਸਦਨ ਦਾ 9ਵਾਂ ਇਜਲਾਸ ਸੱਦਣ ਲਈ ਰਾਜਪਾਲ ਨੂੰ ਸਿਫਾਰਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾ ਰਹੇ ਮਹਾਨ ਸਮਾਗਮਾਂ ਲਈ ਇੱਥੇ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।

ਆਈ. ਡੀ. ਆਈ. ਪੀ. ਟੀ. ਪ੍ਰਾਜੈਕਟ ਨੂੰ ਮਨਜ਼ੂਰੀ
ਸੈਰ-ਸਪਾਟੇ ਲਈ ਬੁਨਿਆਦੀ ਢਾਂਚਾ ਨਿਵੇਸ਼ ਪ੍ਰੋਗਰਾਮ (ਆਈ. ਡੀ. ਆਈ. ਪੀ. ਟੀ.) ਅਧੀਨ ਭਾਗ-1 ਵਿਚ ਲਏ ਗਏ ਉਪ-ਪ੍ਰਾਜੈਕਟਾਂ ਦੀ ਲਾਗਤ ਵਿਚ ਭਿੰਨਤਾ ਨੂੰ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਵਾਲੇ ਆਈ. ਡੀ. ਆਈ. ਪੀ. ਟੀ. ਦੇ ਉਪ-ਪ੍ਰਾਜੈਕਟਾਂ ਨੂੰ ਅਮਲ ਵਿਚ ਲਿਆਉਣ ਲਈ ਸੋਧੀ ਹੋਈ ਤਜਵੀਜ਼ ਮੁਤਾਬਕ ਲਿਆ ਗਿਆ ਹੈ। ਸੋਧੀ ਹੋਈ ਤਜਵੀਜ਼ ਦਾ ਮਕਸਦ ਆਈ. ਡੀ. ਆਈ. ਪੀ. ਟੀ. ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਕੰਮਾਂ ਵਿਚ ਤੇਜ਼ੀ ਲਿਆਉਣਾ ਅਤੇ ਸਮੇਂ ਸਿਰ ਮੁਕੰਮਲ ਕਰਨਾ ਹੈ। ਇਸ ਨਾਲ ਉਪ-ਪ੍ਰਾਜੈਕਟ ਦੀ ਕੀਮਤ ਦੀ 10 ਫੀਸਦੀ ਭਿੰਨਤਾ ਦੀ ਇਜਾਜ਼ਤ ਪ੍ਰਾਜੈਕਟ ਡਾਇਰੈਕਟਰ ਕੋਲ ਅਤੇ 15 ਫੀਸਦੀ ਤੱਕ ਪ੍ਰਸ਼ਾਸਨਿਕ ਸਕੱਤਰ ਕੋਲ ਹੋਵੇਗੀ। ਮੁੱਖ ਸਕੱਤਰ ਅਤੇ ਸੂਬਾ ਪੱਧਰੀ ਅਧਿਕਾਰ ਕਮੇਟੀ ਦੇ ਚੇਅਰਮੈਨ ਨੂੰ ਏਸ਼ੀਅਨ ਵਿਕਾਸ ਬੈਂਕ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ 15 ਫੀਸਦੀ ਤੱਕ ਦੀ ਇਜਾਜ਼ਤ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।

ਮੋਹਾਲੀ ਮੈਡੀਕਲ ਕਾਲਜ ਦੀ ਭਰਤੀ ਨੂੰ ਪ੍ਰਵਾਨਗੀ
ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਤੇ ਜਾਂਚ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਮੈਡੀਕਲ ਸਿੱਖਿਆ ਨੂੰ ਪੇਸ਼ੇ ਵਜੋਂ ਚੁਣਨ ਲਈ ਵਿਦਿਆਰਥੀਆਂ ਨੂੰ ਮੌਕਾ ਦੇਣ ਵਾਸਤੇ ਮੰਤਰੀ ਮੰਡਲ ਨੇ ਮੋਹਾਲੀ ਵਿਖੇ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਪੈਰਾ ਮੈਡੀਕਲ ਸਟਾਫ ਅਤੇ ਹੋਰ ਅਸਾਮੀਆਂ ਨੂੰ ਪੜਾਅਵਾਰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਾਲਜ ਵਿਚ ਐੱਮ. ਬੀ. ਬੀ. ਐੱਸ. ਕੋਰਸ ਦੀਆਂ 100 ਸੀਟਾਂ ਹੋਣਗੀਆਂ। ਇਸ ਫੈਸਲੇ ਨਾਲ ਸਾਲ 2020-21 ਵਿਚ ਨਵੇਂ ਕਾਲਜ ਦਾ ਪਹਿਲਾ ਸੈਸ਼ਨ ਚਲਾਉਣ ਲਈ ਰਾਹ ਪੱਧਰਾ ਹੋਵੇਗਾ।

ਕਿਲ੍ਹਾ ਅੰਦਰੂਨ ਦੀ ਸੰਭਾਲ
ਮੰਤਰੀ ਮੰਡਲ ਨੇ ਪਟਿਆਲਾ ਵਿਚ ਬੁਰਜ ਬਾਬਾ ਆਲਾ ਸਿੰਘ, ਕਿਲ੍ਹਾ ਅੰਦਰੂਨ ਵਿਚ 2 ਸਫਾਈ ਸੇਵਕ, ਇਕ ਰਾਗੀ ਅਤੇ ਇਕ ਫਰਾਸ਼ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਿਲ੍ਹੇ ਵਿਚ ਕੁਲ 19 ਅਸਾਮੀਆਂ ਪ੍ਰਵਾਨਿਤ ਹਨ। ਇਸ ਕਿਲ੍ਹੇ ਦੀ ਸਾਂਭ-ਸੰਭਾਲ ਦਾ ਕੰਮ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਹੱਥਾਂ ਵਿਚ ਹੈ। ਜ਼ਿਕਰਯੋਗ ਹੈ ਕਿ ਸਾਲ 1763 ਵਿਚ ਬਾਬਾ ਆਲਾ ਸਿੰਘ ਜੋ ਕਿ ਪਟਿਆਲਾ ਰਾਜ ਵੰਸ਼ ਦੇ ਬਾਨੀ ਸਨ, ਵੱਲੋਂ ਕਿਲ੍ਹਾ ਮੁਬਾਰਕ ਨੂੰ ਕੱਚੀਗੜ੍ਹੀ ਵਜੋਂ ਬਣਾਇਆ ਗਿਆ ਸੀ। ਬਾਅਦ ਵਿਚ ਇਸ ਨੂੰ ਪਕਾਈਆਂ ਹੋਈਆਂ ਇੱਟਾਂ ਨਾਲ ਦੁਬਾਰਾ ਬਣਾ ਦਿੱਤਾ ਗਿਆ ਸੀ।

ਬੰਦ ਉਦਯੋਗਿਕ ਯੂਨਿਟਾਂ ਨੂੰ ਰਿਆਇਤਾਂ ਲਈ ਨਿਰਦੇਸ਼
ਇਕ ਹੋਰ ਫੈਸਲੇ ਵਿਚ ਵੱਖ-ਵੱਖ ਉਦਯੋਗਿਕ ਨੀਤੀਆਂ ਅਧੀਨ ਪ੍ਰਵਾਨ ਕੀਤੇ ਪੂੰਜੀ ਉਪਦਾਨ ਲਈ ਸੂਬੇ ਦੀ ਦੇਣਦਾਰੀ ਦਾ ਨਿਪਟਾਰਾ ਕਰਨ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਸਾਲ 1978, 1987, 1989, 1992, 1996 ਅਤੇ 2003 ਦੀਆਂ ਉਦਯੋਗਿਕ ਨੀਤੀਆਂ ਅਧੀਨ ਸੂਬੇ ਵਿਚ ਬੰਦ ਪਏ ਸਨਅਤੀ ਯੂਨਿਟਾਂ ਨੂੰ ਪ੍ਰਵਾਨ ਕੀਤੀਆਂ ਪੂੰਜੀ ਸਬਸਿਡੀਆਂ/ਨਿਵੇਸ਼ ਰਿਆਇਤਾਂ ਮੁੱਹਈਆ ਕਰਵਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯੋਗ ਅਤੇ ਹੱਕਦਾਰ ਉਦਯੋਗਿਕ ਯੂਨਿਟਾਂ ਨੂੰ ਪੂੰਜੀ ਸਬਸਿਡੀ ਦੇਣ ਨਾਲ ਸੂਬਾ ਆਪਣੀ ਦੇਣਦਾਰੀ ਨਿਪਟਾ ਲਵੇਗਾ। ਇਸ ਨਾਲ ਸਨਅਤਕਾਰਾਂ ਨੂੰ ਸੂਬੇ ਵਿਚ ਨਵੇਂ ਯੂਨਿਟ ਸਥਾਪਤ ਕਰਨ ਲਈ ਉਤਸ਼ਾਹ ਮਿਲੇਗਾ, ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਹੋਰ ਫਾਇਦਾ ਮਿਲੇਗਾ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ।

ਮੰਤਰੀ ਮੰਡਲ ਦੇ ਹੋਰ ਫੈਸਲੇ
ਇਕ ਹੋਰ ਫੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ-1 ਦੇ ਸਬੰਧਤ ਰੂਲ ਵਿਚ ਵੱਧ ਤੋਂ ਵੱਧ ਪੰਜ ਸਾਲ ਦੀ ਲਗਾਤਾਰ ਸਮੇਂ ਲਈ ਛੁੱਟੀ ਦੇ ਮੌਜੂਦਾ ਉਪਬੰਧ ਨੂੰ ਘਟਾ ਕੇ ਵੱਧ ਤੋਂ ਵੱਧ ਤਿੰਨ ਸਾਲ ਤੱਕ ਦੀ ਲਗਾਤਾਰ ਸਮੇਂ ਦੀ ਛੁੱਟੀ ਦਾ ਉਪਬੰਧ ਕਰਨ ਹਿੱਤ ਸੋਧ ਕਰਨ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਡਰਾਈਵਰਾਂ ਦੀਆਂ ਦੋ ਅਸਾਮੀਆਂ ਮੁੜ ਸੁਰਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਸਾਲ 2017-18 ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।


author

cherry

Content Editor

Related News