ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ, ਗਿਣਤੀ ਸ਼ੁਰੂ

Thursday, Oct 24, 2019 - 08:23 AM (IST)

ਚੰਡੀਗੜ੍ਹ (ਭੁੱਲਰ) - ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਲਈ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਤਹਿਤ ਪਈਆਂ ਵੋਟਾਂ ਦੇ ਨਤੀਜੇ 24 ਅਕਤੂਬਰ ਬਾਅਦ ਦੁਪਹਿਰ ਤੱਕ ਆਉਣਗੇ। ਮੁੱਖ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਹਲਕਿਆਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਅਤੇ ਨਤੀਜਿਆਂ ਦੇ ਰੁਝਾਨ ਅੱਧੇ ਘੰਟੇ ਬਾਅਦ ਹੀ ਆਉਣੇ ਸ਼ੁਰੂ ਹੋ ਜਾਣਗੇ। ਗਿਣਤੀ ਮੌਕੇ ਅਮਨ-ਸ਼ਾਂਤੀ ਬਣਾਏ ਰੱਖਣ ਲਈ ਚੋਣ ਕਮਿਸ਼ਨ ਵਲੋਂ ਗਿਣਤੀ ਕੇਂਦਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਲਈ 3-ਟਾਇਰ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵੋਟਾਂ ਪੈਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਪੈਰਾ ਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਸੀਲ ਕਰ ਕੇ ਰੱਖੀਆਂ ਗਈਆਂ ਹਨ। ਗਿਣਤੀ ਮੌਕੇ ਕੇਂਦਰਾਂ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੈਰਾ ਮਿਲਟਰੀ ਕੋਲ ਰਹੇਗੀ, ਜਦਕਿ ਬਾਹਰ ਦੀ ਸੁਰੱਖਿਆ ਰਾਜ ਪੁਲਸ ਕਰੇਗੀ।

ਦੱਸ ਦਈਏ ਕਿ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਾਖਾ ਤੇ ਜਲਾਲਾਬਾਦ ਹਲਕੇ 'ਚ ਕਾਂਗਰਸ ਤੇ ਅਕਾਲੀਆਂ ਵਿਚਕਾਰ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਜਿੱਥੇ ਦਾਖਾ ਹਲਕੇ 'ਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਆਪਣੀ ਪੂਰੀ ਤਾਕਤ ਝੋਕ ਰੱਖੀ ਸੀ, ਉਥੇ ਜਲਾਲਾਬਾਦ ਹਲਕੇ 'ਚ ਸੁਖਬੀਰ ਬਾਦਲ ਨੇ ਵੀ ਚੋਣ ਮੁਹਿੰਮ ਲਈ ਕੋਈ ਕਸਰ ਨਹੀਂ ਛੱਡੀ। ਦਾਖਾ ਹਲਕੇ 'ਚ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈ. ਸੰਦੀਪ ਸੰਧੂ ਹਨ, ਜਦਕਿ ਉਨ੍ਹਾਂ ਦੇ ਮੁਕਾਬਲੇ 'ਚ ਅਕਾਲੀ ਦਲ ਨੇ ਨੌਜਵਾਨ ਨੇਤਾ ਮਨਪ੍ਰੀਤ ਇਯਾਲੀ ਨੂੰ ਮੁਕਾਬਲੇ 'ਚ ਉਤਾਰਿਆ ਹੋਇਆ ਹੈ। ਇਸ ਹਲਕੇ 'ਚ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਨੂੰ ਪੈਣ ਵਾਲੀਆਂ ਵੋਟਾਂ ਵੀ ਜਿੱਤ-ਹਾਰ 'ਚ ਅਹਿਮ ਭੂਮਿਕਾ ਨਿਭਾਉਣਗੀਆਂ ਕਿਉਂਕਿ ਲੋਕ ਸਭਾ ਚੋਣਾਂ 'ਚ ਇਥੇ ਬੈਂਸ ਨੰਬਰ 1 'ਤੇ ਰਹੇ ਸਨ।

ਜਲਾਲਾਬਾਦ ਸੀਟ ਸੁਖਬੀਰ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਹੈ। ਜਿੱਥੇ ਕਾਂਗਰਸ ਨੇ ਨੌਜਵਾਨ ਆਗੂ ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ਮੈਦਾਨ 'ਚ ਉਤਾਰਿਆ ਹੈ, ਜਦਕਿ ਅਕਾਲੀ ਦਲ ਵਲੋਂ ਰਾਜ ਸਿੰਘ ਡਿੱਬੀਪੁਰਾ ਮੈਦਾਨ ਵਿਚ ਹਨ। ਫਗਵਾੜਾ ਤੇ ਮੁਕੇਰੀਆਂ ਸੀਟ 'ਤੇ ਕਾਂਗਰਸ ਦਾ ਮੁੱਖ ਮੁਕਾਬਲਾ ਭਾਜਪਾ ਉਮੀਦਵਾਰਾਂ ਨਾਲ ਹੈ। ਫਗਵਾੜਾ 'ਚ ਕਾਂਗਰਸ ਨੇ ਸਾਬਕਾ ਆਈ. ਏ. ਐੱਸ. ਬਲਵਿੰਦਰ ਸਿੰਘ ਧਾਲੀਵਾਲ ਤੇ ਭਾਜਪਾ ਨੇ ਨੌਜਵਾਨ ਆਗੂ ਰਾਜੇਸ਼ ਬਾਘਾ ਨੂੰ ਮੈਦਾਨ 'ਚ ਉਤਾਰਿਆ ਹੈ। ਇਸੇ ਤਰ੍ਹਾਂ ਮੁਕੇਰੀਆਂ 'ਚ ਭਾਜਪਾ ਨੇ ਜੰਗੀ ਰਾਮ ਮਹਾਜਨ ਨੂੰ ਉਮੀਦਵਾਰ ਬਣਾਇਆ, ਜਦਕਿ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵਲੋਂ ਸਵ. ਵਿਧਾਇਕ ਰਜਨੀਸ਼ ਕੁਮਾਰ ਦੀ ਪਤਨੀ ਇੰਦੂ ਬਾਲਾ ਮੈਦਾਨ 'ਚ ਹਨ।


rajwinder kaur

Content Editor

Related News