ਪੰਜਾਬ ਬਜਟ : ਵਿੱਤ ਮੰਤਰੀ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੀਤੇ ਵੱਡੇ ਐਲਾਨ

Friday, Mar 10, 2023 - 06:32 PM (IST)

ਪੰਜਾਬ ਬਜਟ : ਵਿੱਤ ਮੰਤਰੀ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੀਤੇ ਵੱਡੇ ਐਲਾਨ

ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਵਿਧਾਨ ਸਭਾ ਵਿਚ ਆਪਣਾ ਦੂਜਾ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ। ਬਜਟ ਪੇਸ਼ ਕਰ ਰਹੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਨੇ ਆਪਣੇ ਬਹੁਤ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਵਲੋਂ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ 96 ਹਜ਼ਾਰ 462 ਕਰੋੜ ਰੁਪਏ ਹੋਵੇਗਾ ਜੋ ਕਿ ਪਿਛਲੇ ਸਾਲ ਤੋਂ 26 ਫੀਸਦੀ ਜ਼ਿਆਦਾ ਹੈ। ਇਸ ਤੋਂ ਪਹਿਲਾਂ 2022-23 ਵਿਚ ਪੰਜਾਬ ਦਾ ਕੁੱਲ ਬਜਟ ਇਕ ਲੱਖ 55 ਹਜ਼ਾਰ 860 ਕਰੋੜ ਰੁਪਏ ਸੀ। ਵਿੱਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਭ ਤੋਂ ਵੱਧ ਫੌਕਸ ਸਿੱਖਿਆ ਅਤੇ ਹੈਲਥ ਸੈਕਟਰ ’ਤੇ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਬੇਰਹਿਮੀ ਨਾਲ ਕੀਤੇ ਗਏ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਚ ਨਵਾਂ ਮੋੜ

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਅਤੇ ਉਚੇਰੀ ਸਿੱਖਿਆ ਲਈ 17.072 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਜੋ ਪਿਛਲੇ ਸਾਲ ਨਾਲੋਂ 12 ਫੀਸਦੀ ਵੱਧ ਹੈ। ਅਧਿਆਪਨ ਅਤੇ ਗੈਰ ਅਧਿਆਪਨ ਕਾਡਰ ਨਾਲ ਸਬੰਧਤ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀ ਜੋ ਕਿ ਹਜ਼ਾਰਾਂ ਦੀ ਗਿਣਤੀ ਵਿਚ ਹਨ ਨੂੰ ਨਿਯਮਤ ਕਰਨ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਕਰ ਲਈ ਜਾਵੇਗੀ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਦੀ ਸਾਂਭ ਸੰਭਾਲ ਲਈ ਅਤੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲਈ ‘ਅਸਟੇਟ ਮੈਨੇਜਰਾਂ’ ਦੀਆਂ ਅਸਾਮੀਆਂ ਸਿਰਜਣ ਲਈ ਨੀਤੀ ਤਿਆਰ ਕੀਤੀ ਗਈ ਹੈ, ਸਕੂਲਾਂ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਲਈ 99 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਅ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਬਿਹਤਰ ਢੰਗ ਨਾਲ ਪੜ੍ਹਾਈ ਲਈ ਅਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਲਈ 20 ਕਰੋੜ ਰੁਪਏ ਦਾ ਪ੍ਰਸਤਾਅ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੱਬਾਂ ਭਾਰ ਹੋਇਆ ਪੰਜਾਬ ਦਾ ਸਿੱਖਿਆ ਵਿਭਾਗ, ਸਕੂਲ ਪ੍ਰਮੁੱਖਾਂ ਅਤੇ ਪ੍ਰਿੰਸੀਪਲਾਂ ਨੂੰ ਜਾਰੀ ਹੋਏ ਹੁਕਮ

ਅੱਗੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਵਜੋਂ ਅਪਗ੍ਰੇਡ ਕਰਨ ਲਈ 117 ਸਕੂਲਾਂ ਦੀ ਪਛਾਣ ਕੀਤੀ ਗਈ ਹੈ। ਇਸ ਤਹਿਤ 200 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਦਾ ਪ੍ਰਸਤਾਅ ਰੱਖਿਆ ਗਿਆ ਹੈ। ਸਕਾਲਰਸ਼ਿਪ ਸਕੀਮ ਤਹਿਤ ਓ. ਬੀ. ਸੀ. ਵਿਦਿਆਰਥੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 18 ਕਰੋੜ ਰੁਪਏ ਅਤੇ 60 ਕਰੋੜ ਰੁਪਏ ਦੇ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਯੁਵਾ ਇੰਟਰਪ੍ਰਨਿਊਰ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਵਿਚ ਵਿੱਤੀ ਅਤੇ ਲੀਡਰਸ਼ਿਪ ਹੁਨਰ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ। ਇਸ ਸਟਾਰਟਅੱਪ ਪ੍ਰੋਗਰਾਮ ਤਹਿਤ, ਸਰਕਾਰ 11ਵੀਂ ਦੇ ਵਿਦਿਆਰਥੀਆਂ ਵਿਚ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਪ੍ਰਸਤਾਵਿਤ ਕਰਨ ਲਈ ਪ੍ਰਤੀ ਵਿਦਿਆਰਥੀ 2,000 ਰੁਪਏ ਦੇ ਹਿਸਾਬ ਨਾਲ ਸੀਡ ਮਨੀ ਪ੍ਰਦਾਨ ਕਰਕੇ ਸਹਾਇਤਾ ਕਰਦੀ ਹੈ, ਇਸ ਲਈ 30 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਗਰਮਾ ਸਕਦੈ ਚਿੱਪ ਵਾਲੇ ਮੀਟਰਾਂ ਦਾ ਮੁੱਦਾ, ਬਿਜਲੀ ਦਫ਼ਤਰਾਂ ’ਚ ਪਹੁੰਚੇ ਸਮਾਰਟ ਮੀਟਰ

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਰੂਫ ਟਾਪ ਸੋਲਰ ਪੈਨਲ ਸਿਸਟਮ ਦੀ ਸਥਾਪਨਾ ਲਈ 100 ਕਰੋੜ ਰੁਪਏ। ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਨੂੰ ਮਿਡ-ਡੇ-ਮੀਲ ਪ੍ਰਦਾਨ ਕਰਨ ਲਈ 456 ਕਰੋੜ ਰੁਪਏ, ਸਮਗਰ ਸਿੱਖਿਆ ਅਭਿਆਨ ਤਹਿਤ 1,425 ਕਰੋੜ ਰੁਪਏ, ਪ੍ਰੀ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 25 ਕਰੋੜ ਰੁਪਏ ਦੀ ਤਜਵੀਜ਼ ਹੈ। ਜਦਕਿ ਮੁਫਤ ਕਿਤਾਬਾਂ, ਮੁਰੰਮਤ ਅਤੇ ਰੱਖ ਰਖਾਅ ਲਈ 90 ਕਰੋੜ ਦਾ ਪ੍ਰਸਤਾਅ ਹੈ। 

ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਮਸ਼ਹੂਰ ਟੋਲ ਪਲਾਜ਼ਾ ਹੋਇਆ ਟੋਲ ਮੁਕਤ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News