ਪੰਜਾਬ ਬਜਟ ਗਰੀਬ ਪੱਖੀ ਤੇ ਵਿਕਾਸ ਮੁਖੀ : ਧਰਮਸੋਤ
Monday, Mar 26, 2018 - 07:32 AM (IST)
ਚੰਡੀਗੜ੍ਹ(ਕਮਲ) - ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਐੱਸ. ਸੀ./ਬੀ. ਸੀ. ਤੇ ਘੱਟ ਗਿਣਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪੰਜਾਬ ਬਜਟ ਨੂੰ ਤਰੱਕੀਪਸੰਦ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਤੇ ਕਿਸਾਨ ਪੱਖੀ ਅਤੇ ਵਿਕਾਸ ਮੁਖੀ ਐਲਾਨਿਆ ਹੈ। ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੀ ਭਲਾਈ ਹਿੱਤ ਵੱਡਾ ਕਦਮ ਚੁੱਕਦਿਆਂ ਸਾਲ 2018-19 ਲਈ 1235 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਐਸ.ਸੀ., ਬੀ.ਸੀ., ਈਸਾਈ ਲੜਕੀਆਂ, ਵਿਧਵਾਵਾਂ/ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸਬੰਧਤ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 'ਆਸ਼ੀਰਵਾਦ' ਸਕੀਮ ਤਹਿਤ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਹੈ।
ਉਨ੍ਹਾਂ ਨਵੇਂ ਬਜਟ 'ਚ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 860 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਭਲਾਈ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਦੇ ਸਸ਼ਕਤੀਕਰਨ ਲਈ ਵਿੱਦਿਅਕ, ਤਕਨੀਕੀ ਅਤੇ ਪੇਸ਼ੇਵਾਰਾਨਾ ਸੰਸਥਾਵਾਂ 'ਚ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਦਾ ਕੋਟਾ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਹੈ।
ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਸਾਲ 2018-2019 ਦੌਰਾਨ ਕਿਸਾਨ, ਉਦਯੋਗਾਂ ਅਤੇ ਗ਼ਰੀਬਾਂ ਨੂੰ ਬਿਜਲੀ ਸਬਸਿਡੀ ਦੇਣ ਲਈ 12970 ਕਰੋੜ ਰੁਪਏ, ਕਿਸਾਨੀ ਕਰਜ਼ਾ ਰਾਹਤ ਲਈ 4250 ਕਰੋੜ ਰੁਪਏ, ਸੇਮ ਦੀ ਸਮੱਸਿਆ ਨਾਲ ਨਿਪਟਣ ਲਈ 152 ਕਰੋੜ ਰੁਪਏ, ਸਰਹੱਦੀ ਖੇਤਰਾਂ ਦੇ ਵਿਕਾਸ ਲਈ 300 ਕਰੋੜ ਰੁਪਏ ਅਤੇ ਨਾਭਾ ਵਿਖੇ ਸਥਾਪਤ ਹੋਣ ਵਾਲੇ ਮਾਡਰਨ ਫੋਕਲ ਪੁਆਇੰਟ ਲਈ 55.40 ਕਰੋੜ ਰੁਪਏ ਰਾਖਵੇਂ ਰੱਖੇ ਹਨ, ਜਦਕਿ ਬੇਘਰੇ ਪਰਿਵਾਰਾਂ ਲਈ 10 ਹਜ਼ਾਰ ਘਰ ਬਣਾਉਣ ਦੀ ਤਜਵੀਜ਼ ਵੀ ਬਣਾਈ ਹੈ।
