ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਦੇਬੀ ਕੋਰੋਨਾ ਪਾਜ਼ੇਟਿਵ
Monday, Jul 20, 2020 - 12:50 AM (IST)
ਲੁਧਿਆਣਾ, (ਗੁਪਤਾ)– ਪੰਜਾਬ ਭਾਜਪਾ ਦੇ ਖਜ਼ਾਨਚੀ ਅਤੇ ਲੁਧਿਆਣਾ ਸੈਂਟਰਲ ਵਿਧਾਨ ਸਭਾ ਖੇਤਰ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਬੀ ਦੀ ਸਿਹਤ ਪਿਛਲੇ ਹਫਤੇ ਤੋਂ ਠੀਕ ਨਹੀਂ ਚੱਲ ਰਹੀ ਸੀ ਅਤੇ ਉਹ ਆਪਣੇ ਘਰ ਵਿਚ ਇਕਾਂਤਵਾਸ ਸਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ’ਤੇ ਲਾਕਡਾਊਨ ਦੌਰਾਨ ਗੁਰਦੇਵ ਸ਼ਰਮਾ ਦੇਬੀ ਸੈਂਟਰਲ ਵਿਧਾਨ ਸਭਾ ਖੇਤਰ ਵਿਚ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਹੀ ਆਪਣੀ ਜੇਬ ਵਿਚੋਂ ਖਰਚਾ ਕਰ ਕੇ ਜ਼ਰੂਰਤਮੰਦਾਂ ਦੀ ਸੇਵਾ ਵਿਚ ਲੱਗੇ ਹੋਏ ਸਨ।
ਦੇਬੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਨਾਲ ਜ਼ਿਲਾ ਭਾਜਪਾ ਵਿਚ ਭਾਜੜ ਮਚੀ ਹੋਈ ਹੈ। ਜਿਹੜੇ ਲੋਕ ਦੇਬੀ ਦੇ ਸੰਪਰਕ ਵਿਚ ਆਏ ਹਨ, ਉਨ੍ਹਾਂ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ ਨਜ਼ਰ ਆ ਰਹੀਆਂ ਹਨ। ਜ਼ਿਲਾ ਭਾਜਪਾ ਵੱਲੋਂ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਦੇਬੀ ਨੇ ਪਿਛਲੇ ਦਿਨੀਂ ਜ਼ਿਲੇ ਦੀ ਕਿਸੇ ਵੀ ਬੈਠਕ ਵਿਚ ਭਾਗ ਨਹੀਂ ਲਿਆ ਹੈ। ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜਲਦੀ ਹੀ ਠੀਕ ਹੋ ਕੇ ਜਨਤਾ ਦੀ ਸੇਵਾ ਵਿਚ ਜੁਟ ਜਾਣਗੇ।
ਮੈਂ ਬਿਲਕੁਲ ਠੀਕ ਹਾਂ, ਜਲਦੀ ਹੀ ਜਨਤਾ ਦੀ ਸੇਵਾ ’ਚ ਹਾਜ਼ਰ ਹੋਵਾਂਗਾ
ਮੋਬਾਇਲ ’ਤੇ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਉਹ ਭਾਵੇਂ ਹੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ ਪਰ ਜਲਦੀ ਹੀ ਠੀਕ ਹੋ ਕੇ ਜਨਤਾ ਦੀ ਸੇਵਾ ਵਿਚ ਹਾਜ਼ਰ ਹੋਣਗੇ। ਕੋਰੋਨਾ ਵਾਇਰਸ ਨੇ ਉਨ੍ਹਾਂ ਦੇ ਹੌਸਲੇ ਨੂੰ ਨਹੀਂ ਤੋੜਿਆ ਹੈ।