ਜੀਵਨ ਗੁਪਤਾ ਦਾ ਵੱਡਾ ਦਾਅਵਾ, ਸਾਰੇ ਚੋਣ ਸਰਵੇ ਫੇਲ੍ਹ ਹੋਣਗੇ, ਪੂਰਨ ਬਹੁਮਤ ਦੀ ਸਰਕਾਰ ਬਣਾਏਗੀ ਭਾਜਪਾ
Sunday, Feb 13, 2022 - 12:24 PM (IST)
ਜਲੰਧਰ (ਵਿਸ਼ੇਸ਼)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ ਅਤੇ 10 ਮਾਰਚ ਨੂੰ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਪੰਜਾਬ ’ਚ ਪੂਰਨ ਬਹੁਮੱਤ ਦੀ ਸਰਕਾਰ ਬਣਾਏਗੀ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਦੇ ਵਰਕਰ ਲੋਕਾਂ ’ਚ ਜਾ ਕੇ ਕੰਮ ਕਰ ਰਹੇ ਹਨ ਅਤੇ ਪੰਜਾਬ ਇਸ ਵਾਰ ਬਦਲਾਅ ਲਈ ਵੋਟ ਪਾ ਰਿਹਾ ਹੈ ਅਤੇ ਲੋਕਾਂ ਕੋਲ ਬਦਲਾਅ ਦੇ ਰੂਪ ’ਚ ਭਾਜਪਾ ਦਾ ਸ਼ਾਨਦਾਰ ਬਦਲ ਹੈ ਅਤੇ ਜੇਕਰ ਪੰਜਾਬ ਦੀ ਜਨਤਾ ਭਾਜਪਾ ਨੂੰ ਆਸ਼ੀਰਵਾਦ ਦਿੰਦੀ ਹੈ ਤਾਂ ਕੇਂਦਰ ਅਤੇ ਸੂਬੇ ’ਚ ਭਾਜਪਾ ਦੀ ਡਬਲ ਇੰਜਨ ਸਰਕਾਰ ਮਿਲ ਕੇ ਸੂਬੇ ਦਾ ਸਰਬਪੱਖੀ ਵਿਕਾਸ ਕਰੇਗੀ। ਜੀਵਨ ਗੁਪਤਾ ਨੇ ਕਿਹਾ ਕਿ ਹਾਲਾਂਕਿ ਅਕਾਲੀ ਦਲ ਦੇ ਨਾਲ ਸਮਰਥਨ ’ਚ ਭਾਜਪਾ ਸਿਰਫ 23 ਸੀਟਾਂ ’ਤੇ ਚੋਣ ਲੜਦੀ ਰਹੀ ਹੈ ਪਰ ਪੰਜਾਬ ਭਰ ’ਚ ਭਾਜਪਾ ਦਾ ਮਜ਼ਬੂਤ ਸੰਗਠਨ ਹੈ ਅਤੇ ਇਹ ਸੰਗਠਨ ਪੰਜਾਬ ਦੀਆਂ 94 ਹੋਰ ਸੀਟਾਂ ’ਤੇ ਅਕਾਲੀ ਦਲ ਦੀ ਮਦਦ ਕਰਦਾ ਸੀ ਪਰ ਹੁਣ ਪੰਜਾਬ ’ਚ ਭਾਜਪਾ ਦਾ ਸੰਗਠਨ ਆਪਣੇ ਹਿੱਸੇ ਦੀਆਂ 73 ਸੀਟਾਂ ’ਤੇ ਕੰਮ ਕਰਨ ਤੋਂ ਇਲਾਵਾ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਜਿੱਤ ਲਈ ਵੀ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਮੇਨ ਹਾਈਵੇਅ ਸਣੇ 3 ਦਿਨ ਬੰਦ ਮਿਲਣਗੇ ਕਈ ਰਸਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀਆਂ ਤਿਆਰੀਆਂ ’ਚ ਜੁਟੇ ਜੀਵਨ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 14 ਫਰਵਰੀ ਨੂੰ ਹੋਣ ਵਾਲੀ ਜਲੰਧਰ ਰੈਲੀ ਪ੍ਰਤੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਰੈਲੀ ਪੂਰੀ ਤਰ੍ਹਾਂ ਸਫਲ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰੈਲੀ ਦੇ ਜਰੀਏ ਪੰਜਾਬ ਦੀ ਜਨਤਾ ਦੇ ਸਾਹਮਣੇ ਭਾਜਪਾ ਦਾ ਪੰਜਾਬ ਲਈ ਵਿਜ਼ਨ ਰੱਖਣਗੇ। ਗੁਪਤਾ ਨੇ ਕਿਹਾ ਕਿ ਹਾਲਾਂਕਿ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਅਸਫ਼ਲ ਕਰਨ ਦੀ ਸਾਜ਼ਿਸ਼ ਰਚੀ ਸੀ ਪਰ ਭਾਰੀ ਮੀਂਹ ਅਤੇ ਪੂਰੇ ਪੰਜਾਬ ਦੇ ਰਾਜਮਾਰਗਾਂ ’ਤੇ ਰੋਕਾਂ ਖੜ੍ਹੀਆਂ ਕੀਤੇ ਜਾਣ ਦੇ ਬਾਵਜੂਦ ਫਿਰੋਜ਼ਪੁਰ ’ਚ ਰੈਲੀ ਦਾ ਪੰਡਾਲ 40 ਫੀਸਦੀ ਭਰ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਰੈਲੀ ਦੌਰਾਨ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਅਤੇ ਇਕ ਸਾਜ਼ਿਸ਼ ਦੇ ਤਹਿਤ ਪ੍ਰਧਾਨ ਮੰਤਰੀ ਦੇ ਕਾਫਲੇ ਵਾਲੇ ਰਸਤੇ ’ਚ ਜਾਮ ਲਾ ਕੇ ਉਨ੍ਹਾਂ ਦਾ ਰਸਤਾ ਰੋਕਿਆ ਗਿਆ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਸੀ ਅਤੇ ਹੁਣ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਜੀਵਨ ਗੁਪਤਾ ਨੇ ਕਿਹਾ ਕਿ ਚੋਣ ਸਰਵੇ ਭਾਵੇਂ ਪੰਜਾਬ ’ਚ ਭਾਜਪਾ ਨੂੰ ਪੱਛੜਿਆ ਵਿਖਾ ਰਹੇ ਹੋਣ ਪਰ 10 ਮਾਰਚ ਨੂੰ ਇਹ ਸਾਰੇ ਸਰਵੇ ਝੂਠੇ ਸਾਬਤ ਹੋਣਗੇ, ਕਿਉਂਕਿ ਭਾਜਪਾ ਪੰਜਾਬ ’ਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ: ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ
2017 ਵਿਧਾਨ ਸਭਾ ਚੋਣਾਂ ਦੌਰਾਨ ਵੀ ਚੋਣ ਸਰਵੇ ’ਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦਿੱਤੀਆਂ ਜਾ ਰਹੀਆਂ ਸਨ ਪਰ ਚੋਣਾਂ ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ 20 ਸੀਟਾਂ ’ਤੇ ਸਿਮਟ ਗਈ ਅਤੇ ਇਸ ਵਾਰ ਵੀ ਚੋਣ ਸਰਵੇ ਆਮ ਆਦਮੀ ਪਾਰਟੀ ਨੂੰ ਵਧਾ-ਚੜ੍ਹਾ ਕੇ ਸੀਟਾਂ ਦੇ ਰਹੇ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ ਅਤੇ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੀ ਸਰਕਾਰ ਬਣਨ ਜਾ ਰਹੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੌਰਾਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ, ਜਿਸ ਨਾਲ ਲੋਕ ’ਚ ਕਾਂਗਰਸ ਦੇ ਖਿਲਾਫ ਗੁੱਸਾ ਹੈ। ਇਹ ਗੁੱਸਾ 20 ਫਰਵਰੀ ਨੂੰ ਈ. ਵੀ. ਐੱਮ. ’ਤੇ ਨਿਕਲੇਗਾ।
ਹਿੰਦੂਆਂ ਦੇ ਨਾਲ ਹੋ ਰਿਹੈ ਰਾਜਨੀਤਕ ਭੇਦਭਾਵ
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ’ਚ ਹਿੰਦੂਆਂ ਦੇ ਨਾਲ ਰਾਜਨੀਤਕ ਰੂਪ ’ਚ ਭੇਦਭਾਵ ਹੋ ਰਿਹਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਦੇ ਬਿਆਨ ਤੋਂ ਵੀ ਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦੇ 40 ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਕਿਉਂਕਿ ਉਹ ਹਿੰਦੂ ਹਨ। ਜੀਵਨ ਗੁਪਤਾ ਨੇ ਕਿਹਾ ਕਿ ਇਕ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦਾ। ਬਸ਼ਰਤੇ ਉਸ ’ਚ ਮੁੱਖ ਮੰਤਰੀ ਅਹੁਦੇ ਵਰਗੀ ਗੰਭੀਰ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਯੋਗਤਾ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਧਰਮ ਵਿਸ਼ੇਸ਼ ਜਾਂ ਭਾਈਚਾਰੇ ਵਿਸ਼ੇਸ਼ ਦੀ ਗੱਲ ਨਹੀਂ ਕਰਦੀ, ਸਗੋਂ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੀ ਹੈ ਅਤੇ ਪੰਜਾਬ ’ਚ ਹਿੰਦੂ ਵੀ ਰਹਿੰਦੇ ਹਨ, ਲਿਹਾਜਾ ਸੂਬੇ ਦੀ ਸੱਤਾ ’ਤੇ ਹਿੰਦੂ ਵਰਗ ਵੀ ਕਾਬਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ: ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ