ਪੰਜਾਬ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ, ਕਿਸਾਨਾਂ ਲਈ ਕੀਤੇ ਖ਼ਾਸ ਐਲਾਨ

Wednesday, Feb 09, 2022 - 12:04 PM (IST)

ਚੰਡੀਗੜ੍ਹ (ਸ਼ਰਮਾ) : ਭਾਜਪਾ ਨੇ ਪੰਜਾਬ ਦੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਨੂੰ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦੇ ਐੱਮ. ਐੱਸ. ਪੀ. ਦਾ ਦਾਇਰਾ ਵਧਾਉਣ ਸਬੰਧੀ ਪ੍ਰੋਗਰਾਮ ਵਿਚ ਕਿਸਾਨਾਂ ਨੂੰ ‘ਮਿਹਨਤ ਦਾ ਪੱਕਾ ਮੁੱਲ’ ਦੇਣ ਦਾ ਵਾਅਦਾ ਕੀਤਾ ਹੈ ਅਤੇ ਫਲ, ਸਬਜ਼ੀਆਂ, ਦਾਲਾਂ ਤੇ ਤੇਲ ਬੀਜ ਉਗਾਉਣ ਵਾਲੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ। ਖੇਤੀ ਵਿਭਿੰਨਤਾ ਨੂੰ ਬਣਾਈ ਰੱਖਣ ਅਤੇ ਇਸ ਨੂੰ ਫਾਇਦੇਮੰਦ ਬਣਾਉਣ ਲਈ ਗਠਜੋੜ ਨੇ ਖੇਤੀਬਾੜੀ ਖੇਤਰ ਲਈ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਪੱਕਾ ਰੱਖਣ ਦਾ ਵਾਅਦਾ ਕੀਤਾ ਹੈ।

ਇਥੇ ਮੈਨੀਫੈਸਟੋ ਰਿਲੀਜ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਭਾਜਪਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦੀ ਮੌਜੂਦਗੀ ਵਿਚ ਵਾਅਦਾ ਕੀਤਾ ਕਿ ਸੂਬੇ ਦੀ ਇਕ ਲੱਖ ਏਕੜ ਸ਼ਾਮਲਾਟ ਜ਼ਮੀਨ ਨੂੰ ਬੇਜ਼ਮੀਨੇ ਕਿਸਾਨਾਂ ਨੂੰ ਖੇਤੀ ਲਈ ਦਿੱਤਾ ਜਾਵੇਗਾ। ਹਰ ਬੇਜ਼ਮੀਨੇ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਹੇਠ 6000 ਰੁਪਏ ਦੀ ਸਾਲਾਨਾ ਸਹਾਇਤਾ ਦਿੱਤੀ ਜਾਵੇਗੀ। ਪਾਰਟੀ ਵਲੋਂ ਟਿਕਾਊ ਹਰੀ ਕ੍ਰਾਂਤੀ ਲਈ ਮੈਨੀਫੈਸਟੋ ਵਿਚ 5000 ਕਰੋੜ ਰੁਪਏ ਦੇ ਸਾਲਾਨਾ ਬਜਟ ਨੂੰ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਸਿੰਚਾਈ ਵਿਭਾਗ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾਵੇਗੀ ਅਤੇ ਭ੍ਰਿਸ਼ਟ ਅਫਸਰਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ‘ਕਾਂਗਰਸੀਆਂ ਦੀ ਬਰਬਾਦੀ ਦੇ ਪਿੱਛੇ ਉਨ੍ਹਾਂ ਦੇ ਕਰਮ ਅਤੇ ਮੇਰੀ ਬਦਦੁਆ ਵੀ’ : ਅਰੂਸਾ

ਡੇਅਰੀ ਫਾਰਮਿੰਗ ਨੂੰ ਪ੍ਰਮੋਟ ਕਰਨ ਵਾਸਤੇ ਹਰ ਪਿੰਡ ਵਿਚ ਦੁੱਧ ਠੰਢਾ ਕਰਨ ਲਈ ਕੇਂਦਰ ਸਥਾਪਿਤ ਕਰਦਿਆਂ ਸੰਗਠਿਤ ਮਿਲਕ ਮਾਰਕੀਟਿੰਗ ਸਿਸਟਮ ਸਥਾਪਿਤ ਕੀਤਾ ਜਾਵੇਗਾ ਅਤੇ ਹਰ 30 ਪਿੰਡਾਂ ਦਾ ਕਲੱਸਟਰ ਬਣਾ ਕੇ ਮਿਲਕ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤੇ ਜਾਣਗੇ। ਹਰ ਤਹਿਸੀਲ ਵਿਚ ਵੈਟਰਨਰੀ ਸਹਾਇਤਾ ਕੇਂਦਰ, ਆਰਟੀਫੀਸ਼ੀਅਲ ਇਨਸੈਮੀਨੇਸ਼ਨ ਅਤੇ ਬ੍ਰੀਡਿੰਗ ਸੈਂਟਰ ਸਥਾਪਿਤ ਕੀਤੇ ਜਾਣਗੇ। ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਹਿਲਾਵਾਂ ਨੂੰ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਅਤੇ ਮਧੂ ਮੱਖੀ ਪਾਲਣ ਵਿਚ ਬਿਜ਼ਨੈੱਸ ਕਰਨ ਲਈ ਸਬਸਿਡੀਆਂ ਅਤੇ ਲੋਨ ਮੁਹੱਈਆ ਕਰਵਾਏ ਜਾਣਗੇ।

ਮੈਨੀਫੈਸਟੋ ਅੰਡਰ ਪ੍ਰਧਾਨ ਮੰਤਰੀ ਇੰਪਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਤਹਿਤ ਐਗਰੋ ਬੇਸਡ ਇੰਡਸਟਰੀਆਂ ਵਾਸਤੇ ਸਬਸਿਡੀ ਦਾ ਵਾਅਦਾ ਕੀਤਾ ਗਿਆ ਹੈ। ਪੇਂਡੂ ਏਰੀਏ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਛੋਟੇ ਤੇ ਮੱਧਮ ਉਦਯੋਗਾਂ ਵਾਲੇ ਐਗਰੋ ਬੇਸਡ ਉਦਯੋਗਿਕ ਕਲੱਸਟਰਾਂ ਨੂੰ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੈਗਾ ਫੂਡ ਪ੍ਰੋਸੈਸਿੰਗ ਪਾਰਕ ਵੀ ਬਣਾਏ ਜਾਣਗੇ। ਪੇਂਡੂ ਪੱਧਰ ਤੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ‘ਸਮ੍ਰਿਧ ਪਿੰਡ’ ਸਕੀਮ ਲਿਆਂਦੀ ਜਾਵੇਗੀ ਅਤੇ ਪੇਂਡੂ ਪੱਧਰ ਤੇ ਇਨ੍ਹਾਂ ਉਦਯੋਗਾਂ ਨੂੰ ਪ੍ਰਮੋਟ ਕਰਨ ਵਾਸਤੇ ਸਾਲਾਨਾ ਫੰਡ ਦਿੱਤੇ ਜਾਣਗੇ। ਐੱਮ.ਐੱਸ.ਐੱਮ.ਈ. ਖੇਤਰ ਨੂੰ ਉਤਸ਼ਾਹਿਤ ਕਰ ਲਏ ਵਿਆਜ ਅਤੇ ਕੋਲੇਟਰਲ ਫ੍ਰੀ ਲੋਨ ਪੇਂਡੂ ਨੌਜਵਾਨਾਂ ਨੂੰ ਦਿੱਤੇ ਜਾਣਗੇ। ਪਿੰਡਾਂ ਵਿਚ ਸਿਹਤ ਸਹੂਲਤਾਂ ਵਿਚ ਸੁਧਾਰ ਲਿਆਉਣ ਲਈ ‘ਹੈਲਦੀ ਵਿਲੇਜਸ’ ਸਕੀਮ ਦੇ ਤਹਿਤ ਹਰ ਪਿੰਡ ਵਿਚ ਆਰੋਗਿਆ ਕੇਂਦਰ ਕਲੀਨਿਕ 23 ਘੰਟੇ ਡਾਕਟਰ ਦੀ ਸੁਵਿਧਾ ਅਤੇ ਲੈਬੋਰਟਰੀ ਨਾਲ ਕੰਮ ਕਰਨਗੇ। ਸਾਰੇ ਪੇਂਡੂ ਇਲਾਕਿਆਂ ਵਿਚ 15 ਮਿੰਟ ਦੇ ਅੰਦਰ 108 ਐਂਬੂਲੈਂਸ ਸੇਵਾ ਪੁਖਤਾ ਕੀਤੀ ਜਾਵੇਗੀ। ‘ਪੱਕੀ ਛੱਤ, ਹਰ ਇਕ ਦਾ ਹੱਕ’ ਸਕੀਮ ਹੇਠ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਪੱਕੇ ਘਰ ਮੁਹੱਈਆ ਕਰਵਾਏ ਜਾਣਗੇ।

 

ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ

ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ। ਸਰਕਾਰ ਹਰ ਘਰ ਨੂੰ 300 ਯੂਨਿਟ ਤੱਕ ਯੂਨਿਟਾਂ ਤੱਕ ਮੁਫ਼ਤ ਬਿਜਲੀ ਦੇਵੇਗੀ ਅਤੇ ਇਸ ਤੋਂ ਬਾਅਦ ਬਿਜਲੀ ਦਾ ਰੇਟ ਘਰੇਲੂ ਵਰਤੋਂ ਲਈ 3 ਰੁਪਏ ਪ੍ਰਤੀ ਯੂਨਿਟ ਹੋਵੇਗਾ। ਪਿੰਡਾਂ ਵਿਚ ਆਧੁਨਿਕ ਕਲਾਸਰੂਮ, ਕੰਪਿਊਟਰ ਲੈਬਜ਼ ਅਤੇ ਖੇਡ ਮੈਦਾਨਾਂ ਵਾਲੇ ਉੱਚ ਮਿਆਰੀ ਸਮਾਰਟ ਸਕੂਲ ਬਣਾਏ ਜਾਣਗੇ। ਆਰਥਿਕ ਤੌਰ ’ਤੇ ਕਮਜ਼ੋਰ ਵਰਗ ਤੇ ਅੰਗਹੀਣ ਵਿਦਿਆਰਥੀਆਂ ਅਤੇ 10ਵੀਂ ਜਮਾਤ ਤਕ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ ਸਾਰੀਆਂ ਵਿਦਿਆਰਥਣਾਂ ਨੂੰ ਸਾਲਾਨਾ ਭੱਤਾ ਮਿਲੇਗਾ। ਪੇਂਡੂ ਇਲਾਕਿਆਂ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਪੱਧਰ ਦੇ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ। ਰਜਿਸਟਰਡ ਸਪੋਰਟਸ ਕਲੱਬਾਂ ਅਤੇ ਸਰਕਾਰੀ ਸਕੂਲਾਂ ਵਿਚ ਸਪੋਰਟਸ ਕਿੱਟਾਂ ਫ੍ਰੀ ਦਿੱਤੀਆਂ ਜਾਣਗੀਆਂ।

ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪੇਂਡੂ ਪੱਧਰ ’ਤੇ ਟੂਰਨਾਮੈਂਟਾਂ ਰਾਹੀਂ ਕਬੱਡੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰਿਆਣਾ ਦੇ ਪੱਧਰ ’ਤੇ ਮਹੱਤਵਪੂਰਨ ਕੌਮਾਂਤਰੀ ਤੇ ਕੌਮੀ ਖੇਡਾਂ ਲਈ ਨਕਦੀ ਇਨਾਮਾਂ ਦੀ ਰਾਸ਼ੀ ਨੂੰ ਰਿਵਾਈਜ਼ ਕੀਤਾ ਜਾਵੇਗਾ। ਓਲੰਪਿਕ ਤੇ ਪੈਰਾ ਓਲੰਪਿਕ ਖੇਡਾਂ ਵਿਚ ਗੋਲਡ ਜਿੱਤਣ ਵਾਲੇ ਹਰ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਨੂੰ 4 ਕਰੋੜ ਰੁਪਏ, ਕਾਂਸੀ ਮੈਡਲ ਜਿੱਤ ਵਾਲੇ ਨੂੰ 2.5 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ 15 ਲੱਖ ਰੁਪਏ ਦਿੱਤੇ ਜਾਣਗੇ। ਏਸ਼ੀਅਨ ਤੇ ਪੈਰਾ ਏਸ਼ੀਅਨ ਗੇਮਾਂ ਲਈ ਇਹ ਰਕਮ 3 ਕਰੋੜ, 1.5 ਕਰੋੜ ਅਤੇ 75 ਲੱਖ , 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸੀ ਮੈਡਲ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਦਿੱਤੇ ਜਾਣਗੇ। ਇਸੇ ਤਰ੍ਹਾਂ, ਕਾਮਨਵੈਲਥ ਖੇਡਾਂ ਅਤੇ ਪੈਰਾ ਕਾਮਨਵੈਲਥ ਖੇਡਾਂ ਲਈ ਇਹ ਰਕਮ 1.5 ਕਰੋੜ, 75 ਲੱਖ ਰੁਪਏ, 50 ਲੱਖ ਰੁਪਏ ਅਤੇ 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸੀ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਹੋਵੇਗੀ। ਚਾਰ ਸਾਲ ਵਿਚ ਇਕ ਵਾਰ ਹੋਣ ਵਾਲੇ ਵਰਲਡ ਕੱਪ ਤੇ ਪੈਰਾ ਵਰਲਡ ਕੱਪ ਅਯੋਜਨ ਲਈ ਇਹ ਰਕਮ 1.5 ਕਰੋੜ, 75 ਲੱਖ ਰੁਪਏ, 50 ਲੱਖ ਰੁਪਏ ਅਤੇ 7.5 ਲੱਖ ਰੁਪਏ ਗੋਲਡ, ਸਿਲਵਰ, ਕਾਂਸੀ ਅਤੇ ਹਿੱਸਾ ਲੈਣ ਵਾਲਿਆਂ ਨੂੰ ਕ੍ਰਮਵਾਰ ਹੋਵੇਗੀ। ਕੌਮੀ ਖੇਡਾਂ ਤੇ ਪੈਰਾ ਕੌਮੀ ਖੇਡਾਂ ਦੌਰਾਨ ਗੋਲਡ, ਸਿਲਵਰ ਅਤੇ ਕਾਂਸੇ ਦੇ ਮੈਡਲ ਜਿੱਤਣ ਵਾਲਿਆਂ ਲਈ ਇਨਾਮ 5 ਲੱਖ, 3 ਲੱਖ, 2 ਲੱਖ ਕ੍ਰਮਵਾਰ ਹੋਣਗੇ। ਜਦਕਿ ਸੂਬਾ ਪੱਧਰੀ ਖੇਡਾਂ ਵਾਸਤੇ ਇਨਾਮ 21,000, 10,000 ਅਤੇ 5,000 ਕ੍ਰਮਵਾਰ ਗੋਲਡ, ਸਿਲਵਰ ਅਤੇ ਕਾਂਸੀ ਮੈਡਲ ਜਿੱਤਣ ਵਾਲਿਆਂ ਵਾਸਤੇ ਹੋਣਗੇ।


Anuradha

Content Editor

Related News