ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਪੰਜਾਬ ਦੌਰੇ 'ਤੇ ਆਏ ਭਾਜਪਾ ਆਗੂ ਦਾ ਵੱਡਾ ਬਿਆਨ

Monday, Aug 24, 2026 - 07:49 PM (IST)

ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਪੰਜਾਬ ਦੌਰੇ 'ਤੇ ਆਏ ਭਾਜਪਾ ਆਗੂ ਦਾ ਵੱਡਾ ਬਿਆਨ

ਚੰਡੀਗੜ੍ਹ/ਪਟਿਆਲਾ (ਵੈੱਬ ਡੈਸਕ/ਰਾਜੇਸ਼ ਪੰਜੌਲਾ): ਇਕ ਪਾਸੇ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਦੂਜੇ ਪਾਸੇ ਅੱਜ ਪੰਜਾਬ ਦੌਰੇ ਦੇ ਤਹਿਤ ਪਾਰਟੀ ਦੀ ਸੰਗਠਨਾਤਮਕ ਮੀਟਿੰਗ ਨੂੰ ਪਟਿਆਲਾ ਵਿਚ ਸੰਬੋਧਨ ਕਰਦੇ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਅਤੇ ਪੰਜਾਬ ਦੀਆਂ ਸਮੁੱਚੀਆਂ 117 ਸੀਟਾਂ 'ਤੇ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਨਰਿੰਦਰ ਰੈਣਾ, ਪੰਜਾਬ ਦੇ ਜਨਰਲ ਸਕੱਤਰ ਸੰਗਠਨ ਮੰਥਰੀ ਸ਼੍ਰੀਨਿਵਾਸਲੂ, ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਦੇ ਵਾਈਸ ਪ੍ਰਧਾਨ ਗੇਜਾ ਰਾਮ ਵਾਲਮੀਕਿ, ਰਾਜ ਸਭਾ ਐਮ. ਪੀ. ਸਤਨਾਮ ਸਿੰਘ ਸੰਧੂ, ਅਨਿਲ ਸਰੀਨ ਸਮੇਤ ਸਮੁੱਚੀ ਲੀਡਰਸ਼ਿਪ ਵਲੋਂ ਬੀ. ਐਲ. ਸੰਤੋਸ਼ ਦਾ ਸਵਾਗਤ ਕੀਤਾ ਗਿਆ। ਆਪਣੇ ਦੌਰੇ ਦੌਰਾਨ ਬੀ. ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਭਾਜਪਾ ਆਗੂਆਂ ਅਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਖੇਤਰੀ ਬੈਠਕਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੈ। ਜਿੱਥੇ ਵੀ ਭਾਜਪਾ ਪਹਿਲੀ ਵਾਰ ਇਕੱਲੇ ਚੋਣ ਲੜੀ ਅਤੇ 16 ਫੀਸਦੀ ਤੋਂ ਵੱਧ ਵੋਟਾਂ ਆਈਆਂ ਤਾਂ ਅਗਲੀ ਵਾਰ ਉਸ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੀ। ਪੰਜਾਬ ਵਿਚ ਭਾਜਪਾ 18 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਚੁੱਕੀ ਹੈ ਅਤੇ 2027 ਵਿਚ ਉਸ ਦਾ ਟੀਚਾ ਪੰਜਾਬ ਵਿਚ ਸਰਕਾਰ ਬਣਾਉਣਾ ਹੈ। ਪੰਜਾਬ ਦੇ ਲੋਕ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਜ਼ਰੂਰਤ ਸਿਰਫ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਵੋਟਰ ਨੂੰ ਬੂਥ ਤੱਕ ਲੈ ਕੇ ਆਉਣ ਦੀ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਬੂਥਾਂ 'ਤੇ ਕੰਮ ਕਰਨ। ਪਟਿਆਲਾ ਵਿਖੇ ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਦੀ ਅਗਵਾਈ ਹੇਠ ਬੀ. ਐਲ. ਸੰਤੋਸ਼ ਅਤੇ ਸਮੁੱਚੀ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ।


author

Anmol Tagra

Content Editor

Related News