ਪੰਜਾਬ ਭਾਜਪਾ ਦੀ ਅਹਿਮ ਮੀਟਿੰਗ, ਜਾਣੋ ਕੀ ਬੋਲੇ ਸ਼ਵੇਤ ਮਲਿਕ
Tuesday, Oct 23, 2018 - 03:09 PM (IST)
ਚੰਡੀਗੜ੍ਹ (ਮਨਮੋਹਨ) : ਪੰਜਾਬ ਭਾਜਪਾ ਨੂੰ ਮਜ਼ਬੂਤ ਕਰਨ ਲਈ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਅਤੇ ਲੋਕ ਸਭਾ ਚੋਣਾਂ ਸਬੰਧੀ ਆਪਣੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਭਾਜਪਾ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕੀਤੀ, ਜਿਸ 'ਚ 33 ਜ਼ਿਲਿਆਂ ਦੇ ਜ਼ਿਲਾ ਪ੍ਰਭਾਰੀਆਂ ਨੇ ਹਿੱਸਾ ਲਿਆ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਦਾ ਵਰਕਰ ਕਾਰਜਸ਼ੀਲ ਅਤੇ ਕਰਮਸ਼ੀਲ ਰਹਿੰਦਾ ਹੈ, ਇਸ ਲਈ ਸਮੇਂ 'ਤੇ ਉਨ੍ਹਾਂ ਦੀ ਗੱਲ ਸੁਣਨ ਲਈ ਮੀਟਿੰਗ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸਿਰਫ ਲੋਕ ਸਭਾ ਚੋਣਾਂ ਲਈ ਹੀ ਨਹੀਂ ਹੈ ਕਿਉਂਕਿ ਭਾਜਪਾ ਦਾ ਵਰਕਰ ਸਿਰਫ ਚੋਣਾਂ ਲਈ ਕੰਮ ਨਹੀਂ ਕਰਦਾ, ਸਗੋਂ ਪੂਰਾ ਸਾਲ ਜਨਤਾ ਦੇ ਹਿੱਤਾਂ ਲਈ ਕੰਮ ਕਰਦਾ ਹੈ। ਇਸ ਲਈ ਕੇਂਦਰੀ ਲੀਡਰਸ਼ਿਪ 'ਚ ਜੋ ਕੰਮ ਕੇਂਦਰ ਤੋਂ ਦਿੱਤੇ ਜਾਂਦੇ ਹਨ, ਉਸ ਦਾ ਮਾਧਿਅਮ ਭਾਜਪਾ ਦਾ ਵਰਕਰ ਬਣਦਾ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਵੀ ਹੈ। ਅੱਜ ਦੀ ਮੀਟਿੰਗ 'ਚ ਭਾਜਪਾ ਦੇ ਆਰਗਨਾਈਜ਼ੇਸ਼ਨ 'ਤੇ ਚਰਚਾ ਹੋਈ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੇ ਹਰ ਜ਼ਿਲੇ 'ਚ ਸ਼ਕਤੀ ਕੇਂਦਰ ਬਣਾਇਆ ਜਾਵੇ ਅਤੇ ਨਾਲ ਹੀ ਵਰਕਰ ਵੋਟਰ ਲਿਸਟ 'ਤੇ ਚਿੰਤਨ ਹੋਵੇਗਾ, ਜਿਸ 'ਚ ਸਿਰਫ ਚੋਣਾਂ ਦੌਰਾਨ ਹੀ ਵਰਕਰ ਲੋਕਾਂ ਵਿਚਕਾਰ ਨਾ ਜਾਵੇ, ਸਗੋਂ ਸਮੇਂ-ਸਮੇਂ 'ਤੇ ਉਨ੍ਹਾਂ ਵਿਚਕਾਰ ਜਾ ਕੇ ਭਾਜਪਾ ਦੀਆਂ ਨੀਤੀਆਂ ਨੂੰ ਉਨ੍ਹਾਂ ਤੱਕ ਪਹੁੰਚਾਵੇ।
