ਦੇਸ਼ ਭਰ ’ਚ ਮਾਸਕ ਬਣਾਉਣ ’ਚ ਪੰਜਾਬ ਮੋਹਰੀ ਸੂਬਾ ਬਣਿਆ
Wednesday, May 13, 2020 - 08:52 PM (IST)

ਮੋਹਾਲੀ,(ਨਿਆਮੀਆਂ)- ਦੇਸ਼ ਭਰ ਦੀਆਂ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿਸ਼ਵਵਿਆਪੀ ਮਹਾਮਾਰੀ ਕੋਵਿਡ-19 ਦੀ ਰੋਕਥਾਮ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਸ਼ਲਾਘਾਯੋਗ ਉਦਮ ਕਰ ਰਹੀਆਂ ਹਨ, ਜਿਸ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਾਫ਼ੀ ਸਹਿਯੋਗ ਪ੍ਰਾਪਤ ਹੋਇਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕਿੱਲ ਡਿਵੈਲਪਮੈਂਟ ਬਾਰੇ ਯੂਨੀਅਨ ਕੈਬਨਿਟ ਮੰਤਰੀ ਮੋਹਿੰਦਰ ਨਾਥ ਪਾਂਡੇ ਨੇ ਮੀਟਿੰਗ ਵਿਚ ਜੁੜੇ ਉਚ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਪਾਂਡੇ ਅੱਜ ਦੇਸ਼ ਦੀਆਂ ਸਰਕਾਰੀ ਤਕਨੀਕੀ ਸੰਸਥਾਵਾਂ ਦੇ ਮੁਖੀਆਂ ਵਲੋਂ ਕੋਰੋਨਾ ਵਿਰੁੱਧ ਜੰਗ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਮੀਖਿਆ ਕਰ ਰਹੇ ਸਨ, ਜਿਸ ਵਿਚ ਦਲਜੀਤ ਕੌਰ ਸਿੱਧੂ ਵਧੀਕ ਡਾਇਰੈਕਟਰ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ, ਜਿਨ੍ਹਾਂ ਨਾਲ 6 ਪ੍ਰਿੰਸੀਪਲ ਵੀ ਸ਼ਾਮਲ ਸਨ। ਇਸ ਮੌਕੇ ਕੇਂਦਰੀ ਮੰਤਰੀ ਵਲੋਂ ਕੋਰੋਨਾ ਵਿਰੁੱਧ ਵੱਖ-ਵੱਖ ਤਰੀਕੇ ਆਪਣਾ ਰੋਲ ਅਦਾ ਕਰਨ ਵਾਲੀਆਂ ਦੇਸ਼ ਦੀਆਂ 28 ਤਕਨੀਕੀ ਸੰਸਥਾਵਾਂ ਨੂੰ ਚੁਣਿਆ ਗਿਆ, ਜਿਸ ਵਿਚ ਪੰਜਾਬ ਦੀਆਂ 6 ਸਰਕਾਰੀ ਆਈ. ਟੀ. ਆਈਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਕੇਂਦਰੀ ਮੰਤਰੀ ਪਾਂਡੇ ਨੇ ਜਲਦੀ ਹੀ ਕੇਂਦਰ ਸਰਕਾਰ ਵਲੋਂ ਢੁੱਕਵਾਂ ਸਨਮਾਨ ਦੇਣ ਦਾ ਵਾਅਦਾ ਕੀਤਾ।
ਮੀਟਿੰਗ ਦੀ ਸਮਾਪਤੀ ਉਪਰੰਤ ਇਸ ਵਿਚ ਸ਼ਾਮਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਮੋਹਾਲੀ ਦੇ ਪ੍ਰਿੰਸੀਪਲ ਅਤੇ ਜ਼ਿਲਾ ਨੋਡਲ ਅਫ਼ਸਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਚਰਨਜੀਤ ਸਿੰਘ ਚੰਨੀ ਦੇ ਹੁਕਮ ਅਨੁਸਾਰ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡਾਇਰੈਕਟਰ ਵਿਮਲ ਸੇਤੀਆ ਦੀ ਯੋਗ ਅਗਵਾਈ ਵਿਚ ਵਿਭਾਗ ਵਲੋਂ ਆਪਣੇ ਅਧੀਨ ਆਉਂਦੀਆਂ 78 ਸਰਕਾਰੀ ਤਕਨੀਕੀ ਸੰਸਥਾਵਾਂ ਵਿਚ ਕਰੀਬ 3500 ਕਿੱਤਾਮੁਖੀ ਕੋਰਸ ਕਰ ਰਹੀਆਂ ਸਿੱਖਿਆਰਥਣਾਂ ਰਾਹੀਂ 7,23,791 ਮਾਸਕ ਤਿਆਰ ਕਰਵਾ ਕੇ ਸਿਹਤ ਕਾਮਿਆਂ, ਪੁਲਸ ਪ੍ਰਸ਼ਾਸਨ, ਸਫ਼ਾਈ ਕਰਮਚਾਰੀਆਂ, ਸਿਵਲ ਪ੍ਰਸ਼ਾਸਨ, ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਦਕਿ ਹਰਿਆਣਾ ਰਾਜ 3,17,000 ਮਾਸਕ ਤਿਆਰ ਕਰਕੇ ਦੂਜੇ ਨੰਬਰ ’ਤੇ ਰਿਹਾ ਹੈ।