''ਪੰਜਾਬ ਬੰਦ'' ਦੌਰਾਨ ਕੀ ਕੁੱਝ ਰਹੇਗਾ ਬੰਦ ਤੇ ਕੀ ਕੁੱਝ ਖੁੱਲ੍ਹਾ? ਸਕੂਲਾਂ ''ਚ ਛੁੱਟੀ ਤੇ ਆਵਾਜਾਈ ਬਾਰੇ ਆਗੂਆਂ ਦੇ ਵੱਡੇ ਐਲਾਨ
Thursday, Aug 20, 2026 - 06:31 PM (IST)
ਜਲੰਧਰ (ਵੈੱਬ ਡੈਸਕ): ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਕੱਲ੍ਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਲੰਧਰ ਵਿਖੇ ਇਕੱਠੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਿਸਾਨ ਜਥੇਬੰਦੀਆਂ ਅਤੇ ਦੁਆਬਾ ਯੂਨੀਅਨ ਸਮੇਤ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਕੱਲ੍ਹ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਦੇ ਆਗੂ ਪਾਲ ਸਿੰਘ ਫਰਾਂਸ ਨੇ ਸਾਥੀਆਂ ਸਮੇਤ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਬੰਦ ਨੂੰ ਲੈ ਕੇ ਸਥਿਤੀ ਸਪਸ਼ਟ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਪਿਛਲੇ ਲਗਭਗ ਸਾਢੇ ਤਿੰਨ ਸਾਲ ਤੋਂ ਲਗਾਤਾਰ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ, ਪਰ ਕਿਸੇ ਵੀ ਸਰਕਾਰ ਵੱਲੋਂ ਇਸ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਸਰਬੱਤ ਖਾਲਸਾ ਵੱਲੋਂ ਲੱਖਾਂ ਦੀ ਸੰਗਤ ਦੀ ਹਾਜ਼ਰੀ ਵਿਚ ਚੁਣੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 83 ਸਾਲਾ ਬਿਰਧ ਮਾਂ ਆਪਣੇ ਪੁੱਤਰ ਨੂੰ ਆਖਰੀ ਵਾਰ ਗਲਵੱਕੜੀ ਵਿਚ ਲੈਣ ਲਈ ਤਰਸ ਰਹੀ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਮੋਰਚੇ 'ਤੇ ਸਰਕਾਰਾਂ ਵੱਲੋਂ ਡਰੋਨਾਂ ਰਾਹੀਂ ਨਿਗਰਾਨੀ ਰੱਖੀ ਗਈ ਅਤੇ ਵਾਟਰ ਕੈਨਨ ਰਾਹੀਂ ਗੰਦੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਤਸ਼ੱਦਦ ਢਾਹਿਆ ਗਿਆ।
ਵਿਦਿਅਕ ਅਦਾਰੇ, ਕਾਰੋਬਾਰ ਅਤੇ ਆਵਾਜਾਈ ਰਹੇਗੀ ਮੁਕੰਮਲ ਠੱਪ
ਆਗੂਆਂ ਨੇ ਮੀਡੀਆ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਇਸ ਬੰਦ ਦੌਰਾਨ ਸਾਰੇ ਵਪਾਰਕ, ਸਮਾਜਿਕ ਅਤੇ ਵਿਦਿਅਕ ਅਦਾਰੇ, ਦੁਕਾਨਾਂ ਅਤੇ ਰੇਹੜੀ-ਫੜੀ ਵਾਲੇ ਆਪਣਾ ਕੰਮਕਾਜ ਮੁਕੰਮਲ ਬੰਦ ਰੱਖਣ। ਇਸ ਦੇ ਨਾਲ ਹੀ ਸਾਰੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਰਹੇਗੀ। ਆਗੂਆਂ ਨੇ ਕਿਹਾ ਕਿ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਇਸ ਲਈ ਲੋਕਾਂ ਨੂੰ ਬੇਨਤੀ ਹੈ ਕਿ ਉਹ ਕੱਲ੍ਹ ਇਸ ਸਮੇਂ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ
ਬੰਦ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਮੁਕਤ ਰੱਖਿਆ ਗਿਆ ਹੈ। ਮੈਡੀਕਲ ਨਾਲ ਸਬੰਧਤ ਸੇਵਾਵਾਂ, ਐਂਬੂਲੈਂਸਾਂ, ਬਿਮਾਰ ਵਿਅਕਤੀਆਂ ਦੀ ਆਵਾਜਾਈ ਅਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ, ਜੇਕਰ ਕਿਸੇ ਦੇ ਪਰਿਵਾਰ ਵਿਚ ਕੋਈ ਵਿਆਹ ਸਮਾਗਮ ਹੈ, ਕੋਈ ਭੋਗ ਹੈ, ਜਾਂ ਕਿਸੇ ਨੇ ਦਿੱਲੀ ਏਅਰਪੋਰਟ ਵਰਗੀਆਂ ਜ਼ਰੂਰੀ ਥਾਵਾਂ 'ਤੇ ਜਾਣਾ ਹੈ, ਤਾਂ ਉਨ੍ਹਾਂ ਨੂੰ ਜਾਣ ਦੀ ਪੂਰੀ ਇਜਾਜ਼ਤ ਹੋਵੇਗੀ।
ਜਥੇਬੰਦੀਆਂ ਨੇ ਸਮੂਹ ਪੰਜਾਬੀਆਂ, ਸਿੱਖਾਂ ਅਤੇ ਸਾਰੇ ਵਰਗਾਂ ਨੂੰ ਜਾਤ-ਪਾਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ। ਜੇਕਰ ਕੋਈ ਇਸ ਬੰਦ ਵਿਚ ਸਾਥ ਨਹੀਂ ਵੀ ਦਿੰਦਾ, ਤਾਂ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ, ਬਲਕਿ ਸਿਰਫ਼ ਹੱਥ ਜੋੜ ਕੇ ਬੇਨਤੀ ਅਤੇ ਅਪੀਲ ਕੀਤੀ ਜਾਵੇਗੀ।
