ਡੇਂਗੂ ਤੇ ਮਲੇਰੀਆ ਤੋਂ ਦੂਰ ਰੱਖੇਗਾ ''ਵਿਸ਼ੇਸ਼ ਕੱਪੜਾ'', ਜਲਦ ਮਾਰਕਿਟ ''ਚ ਹੋਵੇਗਾ ਲਾਂਚ

Monday, Oct 19, 2020 - 02:19 PM (IST)

ਡੇਂਗੂ ਤੇ ਮਲੇਰੀਆ ਤੋਂ ਦੂਰ ਰੱਖੇਗਾ ''ਵਿਸ਼ੇਸ਼ ਕੱਪੜਾ'', ਜਲਦ ਮਾਰਕਿਟ ''ਚ ਹੋਵੇਗਾ ਲਾਂਚ

ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਕਸਰ ਹੀ ਆਪਣੀ ਨਵੀਆਂ ਕਾਢਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਮਹਿਕਮੇ ਵੱਲੋਂ ਇਕ ਅਜਿਹਾ ਕੱਪੜਾ ਤਿਆਰ ਕੀਤਾ ਗਿਆ ਹੈ, ਜੋ ਨਾ ਸਿਰਫ਼ ਤੁਹਾਨੂੰ ਡੇਂਗੂ ਅਤੇ ਮੱਛਰਾਂ ਤੋਂ ਦੂਰ ਰੱਖੇਗਾ, ਸਗੋਂ ਮਲੇਰੀਆ ਅਤੇ ਹੋਰ ਇਨਫੈਕਸ਼ਨ ਤੋਂ ਵੀ ਬਚਾਵੇਗਾ। ਯੂਨੀਵਰਿਸਟੀ ਦੇ ਪ੍ਰੋਫੈਸਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਕੱਪੜਿਆਂ ਨਾਲ ਮੱਛਰ ਕੱਟਣਾ ਤਾਂ ਦੂਰ, ਨੇੜੇ ਤੱਕ ਨਹੀਂ ਆਵੇਗਾ।

ਯੂਨੀਵਰਸਿਟੀ ਵੱਲੋਂ ਹਰਿਆਣਾ ਦੀ ਕੰਪਨੀ ਦੇ ਨਾਲ ਮਿਲ ਕੇ ਇਸ ਸਬੰਧੀ ਐਮ. ਓ. ਯੂ. ਸਾਈਨ ਕਰ ਲਿਆ ਗਿਆ ਹੈ। ਕਮਿਊਨਿਟੀ ਸਾਇੰਸ ਮਹਿਕਮੇ ਦੀ ਡੀਨ ਡਾਕਟਰ ਸੰਦੀਪ ਬੈਂਸ ਨੇ ਦੱਸਿਆ ਕਿ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕਈ ਤਰ੍ਹਾਂ ਦੇ ਕੈਮੀਕਲ ਵੀ ਪਾਏ ਗਏ ਹਨ, ਜੋ ਮਨੁੱਖੀ ਸਰੀਰ ਲਈ ਤਾਂ ਈਕੋ ਫਰੈਂਡਲੀ ਹਨ ਪਰ ਮੱਛਰਾਂ ਲਈ ਓਨੇ ਹੀ ਘਾਤਕ ਹਨ। ਮਹਿਕਮੇ ਦੀ ਡਾਕਟਰ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਹਰਿਆਣਾ ਦੀ ਇਕ ਕੰਪਨੀ ਦੇ ਨਾਲ ਐਮ. ਓ. ਯੂ. ਸਾਈਨ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਹ ਕੱਪੜੇ ਮਾਰਕਿਟ 'ਚ ਆ ਜਾਣਗੇ।

ਉਨ੍ਹਾਂ ਕਿਹਾ ਕਿ ਉਹ ਇਸ ਦੀ ਕੀਮਤ ਦਾ ਖ਼ੁਲਾਸਾ ਨਹੀਂ ਕਰ ਸਕਦੇ ਪਰ ਇਹ ਕਾਫੀ ਮਹਿੰਗਾ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੀਜ਼ਨ ਲਈ ਇਹ ਕਾਰਗਰ ਹੈ ਅਤੇ 15 ਤੋਂ 20 ਵਾਰ ਧੋਣ ਤੋਂ ਬਾਅਦ ਹੀ ਇਸ 'ਚ ਲੱਗਿਆ ਕੈਮੀਕਲ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਪਾਇਆ ਹੈ ਤਾਂ ਤੁਹਾਡੇ ਨੇੜੇ-ਤੇੜੇ ਇਕ ਮੀਟਰ ਤੱਕ ਦੇ ਦਾਇਰੇ 'ਚ ਮੱਛਰ ਨਹੀਂ ਭਟਕਣਗੇ, ਜਿਸ ਨਾਲ ਤੁਸੀਂ ਆਪਣੇ ਨਾਲ ਬੈਠੇ ਲੋਕਾਂ ਨੂੰ ਵੀ ਬਚਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ 'ਤੇ ਪੂਰੀ ਯੂਨੀਵਰਸਿਟੀ ਵੱਲੋਂ ਵਾਰ-ਵਾਰ ਤਜ਼ਰਬੇ ਕੀਤੇ ਗਏ ਹਨ। ਫਿਲਹਾਲ ਯੂਨੀਵਰਸਿਟੀ ਵੱਲੋਂ ਸੈਂਪਲ ਦੇ ਤੌਰ 'ਤੇ ਕਮੀਜ਼, ਰੁਮਾਲ, ਸਿਰਹਾਣੇ ਦਾ ਕਵਰ ਅਤੇ ਹੱਥ 'ਚ ਪਾਉਣ ਵਾਲਾ ਬੈਂਡ ਬਣਾਇਆ ਗਿਆ ਹੈ। 
 


author

Babita

Content Editor

Related News