PAU ਦੀਆਂ ਕਣਕ ਦੀਆਂ ਨਵੀਆਂ ਕਿਸਮਾਂ ਦੀ ਰਾਸ਼ਟਰੀ ਪੱਧਰ ’ਤੇ ਜਾਰੀ ਕਰਨ ਲਈ ਹੋਈ ਪਛਾਣ
Saturday, Sep 03, 2022 - 02:00 PM (IST)
ਲੁਧਿਆਣਾ (ਸਲੂਜਾ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (ਪੀ. ਏ. ਯੂ.) ਦੀਆਂ ਕਣਕ ਦੀਆਂ ਤਿੰਨ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ 'ਤੇ ਜਾਰੀ ਕਰਨ ਲਈ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇੱਕੋ ਸਮੇਂ ਪੀ. ਏ. ਯੂ. ਦੀਆਂ ਕਣਕ ਦੀਆਂ ਤਿੰਨ ਕਿਸਮਾਂ ਰਾਸ਼ਟਰੀ ਪੱਧਰ ’ਤੇ ਜਾਰੀ ਹੋ ਰਹੀਆਂ ਹਨ। ਇਹ ਗੱਲ ਵਾਇਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕਹੀ। ਹੋਰ ਜਾਣਕਾਰੀ ਦਿੰਦਿਆਂ ਡਾ. ਗੋਸਲ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਕਿਸਮ ਪਛਾਣ ਕਮੇਟੀ ਨੇ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪੀ. ਏ. ਯੂ. ਵੱਲੋਂ ਵਿਕਸਿਤ ਕਣਕ ਦੀਆਂ ਤਿੰਨ ਕਿਸਮਾਂ ਪੀ. ਬੀ. ਡਬਲਯੂ 826, ਪੀ. ਬੀ. ਡਬਲਯੂ 833 ਅਤੇ ਪੀ. ਬੀ. ਡਬਲਯੂ 872 ਦੀ ਰਾਸ਼ਟਰੀ ਪੱਧਰ 'ਤੇ ਜਾਰੀ ਕਰਨ ਲਈ ਪਛਾਣ ਕੀਤੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਸੁਣਵਾਈ 7 ਤਾਰੀਖ਼ ਨੂੰ
ਨਵੀਆਂ ਕਿਸਮਾਂ ਦੇ ਗੁਣਾਂ ਬਾਰੇ ਦੱਸਦਿਆਂ ਵਾਇਸ ਚਾਂਸਲਰ ਨੇ ਕਿਹਾ ਕਿ ਪੀ. ਬੀ. ਡਬਲਯੂ 826 ਦੀ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸੇ ਸ਼ਾਮਲ ਹਨ, ਵਿੱਚ ਸਮੇਂ ਸਿਰ ਬਿਜਾਈ ਲਈ ਪਛਾਣ ਕੀਤੀ ਗਈ ਹੈ। ਇਹ ਕਿਸਮ ਤਿੰਨ ਸਾਲਾਂ ਦੀ ਜਾਂਚ ਦੌਰਾਨ ਜ਼ੋਨ ਵਿੱਚ ਅਨਾਜ ਦੀ ਪੈਦਾਵਾਰ ਲਈ ਪਹਿਲੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕ ਇਨ੍ਹਾਂ ਤਾਰੀਖ਼ਾਂ ਨੂੰ ਸੋਚ-ਸਮਝ ਕੇ ਘਰੋਂ ਨਿਕਲਣ
ਇਸ ਨੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਵਿੱਚ ਔਸਤਨ 63.6 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਰਜ ਕਰਾਇਆ ਅਤੇ ਹੋਰ ਕਿਸਮਾਂ ਐੱਚ. ਡੀ.-2967, ਐੱਚ ਡੀ.-3086, ਡੀ. ਬੀ. ਡਬਲਯੂ-187, ਡੀ. ਬੀ. ਡਬਲਯੂ.-222 ਅਤੇ ਡਬਲਯੂ. ਐੱਚ-1105 ਵਿੱਚ ਕ੍ਰਮਵਾਰ 24.0, 10.2, 8.5, 4.9, 10 ਫ਼ੀਸਦੀ ਦਾ ਝਾੜ ਦਿੱਤਾ। ਇਸ ਵਿੱਚ ਉੱਚ ਹੈਕਟੋਲੀਟਰ ਭਾਰ ਵਾਲੇ ਮੋਟੇ ਦਾਣੇ ਹੁੰਦੇ ਹਨ ਅਤੇ ਇਹ ਮਾਤਰਾ ਅਤੇ ਗੁਣਵੱਤਾ ਵਿੱਚ ਵਧੀਆ ਆਟਾ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਵੱਧ ਝਾੜ ਕਾਰਨ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਅਸਾਮ ਅਤੇ ਉੱਤਰੀ ਪੂਰਬੀ ਰਾਜਾਂ ਦੇ ਮੈਦਾਨੀ ਜ਼ੋਨ ਦੀਆਂ ਸੇਂਜੂ ਹਾਲਤਾਂ ਵਿੱਚ ਬੀਜਣ ਲਈ ਪੀ. ਬੀ. ਡਬਲਯੂ.-826 ਦੀ ਵੀ ਪਛਾਣ ਕੀਤੀ ਗਈ ਸੀ। ਡਾ. ਗੋਸਲ ਨੇ ਦੱਸਿਆ ਕਿ ਭਾਰਤ ਦੇ ਦੋ ਮੁੱਖ ਕਣਕ ਉਗਾਉਣ ਵਾਲੇ ਖੇਤਰਾਂ ਲਈ ਇੱਕੋ ਸਮੇਂ ਕਣਕ ਦੀ ਇੱਕੋ ਕਿਸਮ ਦੀ ਪਛਾਣ ਬੇਹੱਦ ਵਿਲੱਖਣ ਗੱਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ