ਪੰਜਾਬ ਦੇ ਨਾਲ ਲੱਗਦੇ ਗੰਗਾਨਗਰ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ
Wednesday, May 27, 2020 - 01:56 PM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪਾਕਿਸਤਾਨ ਸਰਹੱਦ ਤੋਂ ਕਈ ਟਿੱਡੀ ਦਲ ਭਾਰਤ ਵਿੱਚ ਆਏ ਅਤੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੱਕ ਫੈਲ ਗਏ। ਜੇਕਰ ਹਵਾ ਬਦਲੀ ਤਾਂ ਇਨ੍ਹਾਂ ਦਾ ਆਗਮਨ ਪੰਜਾਬ ਵਿੱਚ ਵੀ ਹੋ ਸਕਦਾ ਹੈ ।ਜਗ ਬਾਣੀ ਨਾਲ ਗੱਲ ਕਰਦਿਆਂ ਨੋਡਲ ਅਫਸਰ ਭੁਪਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਇੱਕ ਨਵਾਂ ਟਿੱਡੀ ਦਲ ਗੰਗਾਨਗਰ ਜ਼ਿਲ੍ਹੇ ਵਿੱਚ ਰਾਏ ਸਿੰਘ ਨਗਰ ਆਇਆ ਜਿਸ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਗਿਆ ਤੇ ਬਾਕੀ ਸਵੇਰੇ ਧੁੱਪ ਚੜ੍ਹਦੇ ਉੱਡ ਕੇ ਅਨੂਪਗੜ੍ਹ ਵੱਲ ਚਲਾ ਗਿਆ । ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਹ ਤਹਿਸੀਲ ਸਦੁਲਪੁਰ ਦੇ ਪਿੰਡਾਂ ਵਿੱਚ ਦੇਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਹਵਾ ਦਾ ਰੁੱਖ ਪੰਜਾਬ ਵੱਲ ਹੁੰਦਾ ਹੈ ਤਾਂ ਇਹ ਟਿੱਡੀ ਦਲ ਇਧਰ ਵੀ ਆ ਸਕਦੇ ਹਨ ।
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਵਿਭਾਗ ਵੱਲੋਂ ਅੱਜ ਬਠਿੰਡਾ ਵਿੱਚ ਟਿੱਡੀ ਦਲ ਤੇ ਕਾਬੂ ਪਾਉਣ ਸਬੰਧੀ ਮੀਟਿੰਗ ਰੱਖੀ ਗਈ । ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕਿਹਾ ਗਿਆ ਕਿ ਉਹ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰਾਂ ਨਾਲ ਮਿਲ ਕੇ ਪਾਣੀ, ਢੋਲ ਪੰਪ ਅਤੇ ਸਪਰੇਹਾਂ ਦਾ ਪ੍ਰਬੰਧ ਰੱਖਣ ਅਤੇ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨਾਲ ਵੀ ਲਗਾਤਾਰ ਗੱਲਬਾਤ ਚੱਲ ਰਹੀ ਹੈ ।