ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦੀ ਝਾਕੀ ਨੂੰ ਮਿਲਿਆ ਭਰਵਾਂ ਹੁੰਗਾਰਾ

Wednesday, Jan 27, 2021 - 07:42 PM (IST)

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦੀ ਝਾਕੀ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ : ਨਵੀਂ ਦਿੱਲੀ ਵਿਖੇ 72ਵੇਂ ਕੌਮੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੀ ਪੰਜਾਬ ਸਰਕਾਰ ਦੀ ਝਾਕੀ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਮਨੁੱਖਤਾ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਲਈ ਆਪਾ ਵਾਰਿਆ, ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਸੂਬੇ ਦੀ ਝਾਕੀ ਵਿੱਚ ਦਰਸਾਇਆ ਗਿਆ। 

PunjabKesariਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਦੇਸ਼ ਭਰ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਸਲਾਹਿਆ ਗਿਆ ਕਿਉਂ ਜੋ ਇਸ ਵਿੱਚ ਗੁਰੂ ਸਾਹਿਬ ਦੀ ਮਨੁੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਕੁਰਬਾਨੀ ਤੇ ਦਲੇਰੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਸੀ ਅਤੇ ਇਸ ਗੱਲ ਦੀ ਗਵਾਹੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਲੋਕਾਂ ਵੱਲੋਂ ਕੀਤੀਆਂ ਆਪਣੀਆਂ ਭਾਵਪੂਰਤ ਟਿੱਪਣੀਆਂ ਰਾਹੀਂ ਭਰੀ ਗਈ ਹੈ।

PunjabKesariਨੌਵੇਂ ਪਾਤਿਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਝਾਕੀ ਨੇ ਰੂਹਾਨੀ ਮਾਹੌਲ ਸਿਰਜਦਿਆਂ ਵਿਸ਼ਵ-ਵਿਆਪੀ ਭਾਈਚਾਰੇ, ਆਪਸੀ ਪਿਆਰ ਅਤੇ ਕੌਮੀ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ।

PunjabKesariਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਲਗਾਤਾਰ ਪੰਜਵੀਂ ਵਾਰ ਆਪਣੀ ਝਾਕੀ ਕੌਮੀ ਗਣਤੰਤਰ ਦਿਵਸ ਸਮਾਗਮ ਲਈ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਸਾਲ 2019 ਵਿੱਚ ਪੰਜਾਬ ਸਰਕਾਰ ਦੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਸ਼ਤਾਬਦੀ ਯਾਦ ਨੂੰ ਸਮਰਪਿਤ ਝਾਕੀ ਨੂੰ ਦੇਸ਼ ਭਰ ਵਿੱਚੋਂ ਤੀਸਰਾ ਸਥਾਨ ਮਿਲਿਆ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀਆਂ ਝਾਕੀਆਂ ਇਹ ਮਾਣ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ ਸਨ।


author

Bharat Thapa

Content Editor

Related News