ਪੰਜਾਬ ’ਚ ਚੋਣ ਲੜਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਪਿਛਾਂਹ ਖਿੱਚੇ ਪੈਰ, ਦਿੱਤਾ ਵੱਡਾ ਬਿਆਨ

Monday, Aug 23, 2021 - 06:19 PM (IST)

ਪੰਜਾਬ ’ਚ ਚੋਣ ਲੜਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਪਿਛਾਂਹ ਖਿੱਚੇ ਪੈਰ, ਦਿੱਤਾ ਵੱਡਾ ਬਿਆਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਭਾਰਤੀ ਕਿਸਾਨ ਯੂਨੀਅਨ ਚੜੂਨੀ ਹਰਿਆਣਾ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਅੱਜ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਫੇਰੀ ਪਾਈ। ਉਨ੍ਹਾਂ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਅਗਾਂਹਵਧੂ ਕਿਸਾਨਾਂ ਨੇ ਕਿਸਾਨੀ ਅੰਦੋਲਨ ਵਿਚ ਵੱਧ ਚੜ ਕੇ ਯੋਗਦਾਨ ਦਿੱਤਾ ਹੈ। ਮੁਕਤਸਰ ਵਿਖੇ ਉਨ੍ਹਾਂ ਸੁਤੰਤਰਤਾ ਸੰਗਰਾਮੀ ਸਵਰਗੀ ਡਾ. ਕੇਹਰ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਿਸਾਨੀ ਅੰਦੋਲਨ ਵਿੱਚ ਸਿੱਧੂ ਪਰਿਵਾਰ ਨੇ ਵੀ ਵੱਡਾ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ :  ਸ਼੍ਰੋਮਣੀ ਅਕਾਲੀ ਦਲ ਨੇ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਐਲਾਨਿਆ ਉਮੀਦਵਾਰ

ਉਨ੍ਹਾਂ ਸਵਰਗੀ ਡਾ. ਕੇਹਰ ਸਿੰਘ ਸਿੱਧੂ ਦੇ ਪੋਤਰੇ ਪਰਮਜੀਤ ਸਿੰਘ ਸਿੱਧੂ ਨੂੰ ਆਪਣੀ ਜਥੇਬੰਦੀ ਦਾ ਬੈਚ ਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਦੇ ਕਿਸਾਨਾਂ ਆਮ ਲੋਕਾਂ ਵਪਾਰੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਜ਼ਰੂਰ ਰੰਗ ਲਿਆਏਗਾ। ਪਰਮਜੀਤ ਸਿੰਘ ਸਿੱਧੂ ਨੇ ਗੁਰਨਾਮ ਸਿੰਘ ਚੜੂਨੀ ਦਾ ਮੁਕਤਸਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਆਖਿਆ ਕਿ ਉਹ ਭਵਿੱਖ ਵਿਚ ਵੀ ਪ੍ਰਣ ਕਰਦੇ ਹਨ ਕਿ ਸਿੱਧੂ ਪਰਿਵਾਰ ਕਿਸਾਨੀ ਅੰਦੋਲਨ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਰਹੇਗਾ। ਇਸ ਮੌਕੇ ਚੜੂਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਹਨ ਅਤੇ ਸਦਾ ਹੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਰਹਿਣਗੇ। ਪੰਜਾਬ ਵਿਚ ਗੰਨੇ ਦਾ ਰੇਟ ਯੂਪੀ ਅਤੇ ਹਰਿਆਣਾ ਨਾਲੋਂ ਬਹੁਤ ਘੱਟ ਹੈ। ਇਸ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚੋਂ ਚੋਣ ਨਹੀਂ ਲੜਣਗੇ। ਉਹ ਸਿਰਫ਼ ਕਿਸਾਨਾਂ ਨੂੰ ਆਪਣੀ ਵੱਖਰੀ ਪਾਰਟੀ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਕਿਉਂਕਿ ਸਮਾਂ ਤੀਜਾ ਬਦਲਾਅ ਮੰਗ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ :  ਮਲੋਟ ਵਿਖੇ ਸੁਖਬੀਰ ਸਿੰਘ ਬਾਦਲ ਦੇ ਸਮਾਗਮ ਦੌਰਾਨ ਕਿਸਾਨਾਂ ਵੱਲੋਂ ਰਿਜ਼ੋਰਟ ਦਾ ਘਿਰਾਓ


author

Shyna

Content Editor

Related News