ਬੀਬੀ ਜਗੀਰ ਕੌਰ ਨੂੰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ''ਤੇ ਤਲਬ : ਮੰਨਾ
Tuesday, Oct 24, 2017 - 01:38 PM (IST)

ਅੰਮ੍ਰਿਤਸਰ (ਪ੍ਰਵੀਨ ਪੁਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰਾ ਮਨਦੀਪ ਸਿੰਘ ਮੰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਮੌਜੂਦਾ ਮੈਂਬਰ ਬੀਬੀ ਜਗੀਰ ਕੌਰ ਬੱਜਰ ਕੁਰਹਿਤ ਕਰਨ ਦੇ ਦੋਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਕੇ ਉਸ ਨੂੰ ਧਾਰਮਿਕ ਸਜ਼ਾ ਸੁਣਾਈ ਜਾਵੇ।
ਮੰਗ-ਪੱਤਰ ਦੇ ਮਾਧਿਅਮ ਨਾਲ ਇਹ ਵੀ ਮੰਗ ਕੀਤੀ ਗਈ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਲਈ ਤਖਤ ਸਾਹਿਬਾਂ ਦੇ ਜਥੇਦਾਰਾਂ 'ਤੇ ਪਾਏ ਗਏ ਦਬਾਅ ਲਈ ਧਾਰਮਿਕ ਦੋਸ਼ ਨੂੰ ਮੁੱਖ ਰੱਖਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਕੇ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਰਪੱਖਤਾ ਨੂੰ ਲੈ ਕੇ ਸਿੱਖ ਕੌਮ ਦੇ ਅੰਦਰ ਫੈਲਿਆ ਭੁਲੇਖਾ ਖਤਮ ਹੋ ਸਕੇ। ਗਿਆਨੀ ਗੁਰਬਚਨ ਸਿੰਘ ਦੀ ਗੈਰ-ਹਾਜ਼ਰੀ ਵਿਚ ਮੰਨਾ ਵੱਲੋਂ ਇਹ ਮੰਗ-ਪੱਤਰ ਉਨ੍ਹਾਂ ਦੇ ਦਫਤਰ 'ਚ ਸਕੱਤਰ ਗੁਰਬਚਨ ਸਿੰਘ ਵੱਲੋਂ ਲਿਆ ਗਿਆ।
ਸ੍ਰੀ ਅਕਾਲ ਤਖਤ ਸਾਹਿਬ 'ਤੇ ਮੰਗ-ਪੱਤਰ ਸੌਂਪਣ ਦੇ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੰਨਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੀ ਪੁੱਤਰੀ ਹਰਪ੍ਰੀਤ ਕੌਰ ਦੀ ਹੱਤਿਆ 20 ਅਪ੍ਰੈਲ 2000 ਨੂੰ ਹੋਈ ਸੀ। ਇਸ ਮਾਮਲੇ ਵਿਚ ਹਰਪ੍ਰੀਤ ਕੌਰ ਦੇ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਨੌਜਵਾਨ ਮਨਜੀਤ ਨੇ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਪ੍ਰੀਤ ਅਤੇ ਉਸ ਦੇ ਪੇਟ ਵਿਚ ਪਲ ਰਹੇ ਉਸ ਦੇ ਬੱਚੇ ਦੀ ਹੱਤਿਆ ਕਰਨ, ਹਰਪ੍ਰੀਤ ਨੂੰ ਅਗਵਾ ਕਰਨ ਵਿਚ ਬੀਬੀ ਜਗੀਰ ਕੌਰ ਮੁੱਖ ਦੋਸ਼ੀ ਹੈ।