ਸੁਨੀਲ ਜਾਖੜ ਗੁਰਦਾਸਪੁਰ ਵਾਸੀਆਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰਵਾਉਣ ਦੇ ਸਮਰੱਥ : ਨਵਜੋਤ ਸਿੱਧੂ

Wednesday, Oct 04, 2017 - 12:48 PM (IST)

ਸੁਨੀਲ ਜਾਖੜ ਗੁਰਦਾਸਪੁਰ ਵਾਸੀਆਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰਵਾਉਣ ਦੇ ਸਮਰੱਥ : ਨਵਜੋਤ ਸਿੱਧੂ

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਮੰਗਲਵਾਰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਭੋਆ ਅੰਦਰ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਚੋਣ ਮੀਟਿੰਗਾਂ ਦੇ ਮੁੱਖ ਪ੍ਰਬੰਧਕ ਤੇ ਵਿਧਾਇਕ ਜੋਗਿੰਦਰ ਪਾਲ ਤੋਂ ਇਲਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਐੱਮ. ਪੀ. ਸਤਨਾਮ ਸਿੰਘ ਕੈਂਥ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਵਿਧਾਇਕ ਰਜਿੰਦਰ ਬੇਰੀ, ਅੰਗਦ ਸੈਣੀ, ਖੁਸ਼ਬਾਜ ਜਟਾਣਾ, ਦਮਨ ਬਾਜਵਾ, ਬਰਿੰਦਰ ਢਿੱਲੋਂ ਆਦਿ ਆਗੂ ਹਾਜ਼ਰ ਸਨ। 
ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਨਾ ਸਿਰਫ ਆਪਣੇ ਰਵਾਇਤੀ ਅੰਦਾਜ਼ 'ਚ ਅਕਾਲੀ ਦਲ ਤੇ ਭਾਜਪਾ 'ਤੇ ਤਿੱਖੇ ਵਿਅੰਗ ਕੀਤੇ, ਸਗੋਂ ਉਨ੍ਹਾਂ ਪੰਜਾਬ ਦੀ ਖੁਸ਼ਹਾਲੀ ਲਈ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਨੀਲ ਜਾਖੜ ਨੂੰ ਜੇਤੂ ਬਣਾਉਣ ਕਿਉਂਕਿ ਉਹ ਗੁਰਦਾਸਪੁਰ ਵਾਸੀਆਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰਵਾਉਣ ਦੇ ਸਮਰੱਥ ਹਨ।
ਸਿੱਧੂ ਨੇ ਲੋਕਾਂ ਦੀ ਮੰਗ 'ਤੇ ਹਲਕੇ 'ਚ ਹਰ ਹਾਲਤ 'ਚ ਮਿੱਲ ਲਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਹਲਕਾ ਵਾਸੀਆਂ ਦੀ ਹਰ ਮੁਸ਼ਕਿਲ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੀ ਇਹ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਸੁਨੀਲ ਜਾਖੜ ਵਰਗਾ ਕਾਬਿਲ ਉਮੀਦਵਾਰ ਮਿਲਿਆ ਹੈ, ਜਿਸ ਦਾ ਅਕਾਲੀ-ਭਾਜਪਾ ਗੱਠਜੋੜ ਕੋਲ ਕੋਈ ਤੋੜ ਨਹੀਂ।
ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਲੋਕ ਚੋਣਾਂ ਵਾਲੇ ਦਿਨ ਅਜਿਹਾ 'ਛੱਕਾ' ਮਾਰਨਗੇ ਕਿ ਚੋਣ ਮੈਦਾਨ 'ਚ ਖੇਡ ਰਹੇ ਖਿਡਾਰੀ ਦੂਰ-ਦੂਰ ਤੱਕ ਨਜ਼ਰ ਨਹੀਂ ਆਉਣਗੇ। ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੀ ਗੱਲ ਕਰਦਿਆਂ ਕਿਹਾ ਕਿ ਸੱਤਾਧਾਰੀ ਆਗੂਆਂ ਦਾ ਸਾਰਾ ਜ਼ੋਰ ਵੱਡੇ ਕਾਰੋਬਾਰਾਂ 'ਤੇ ਕਬਜ਼ੇ ਕਰਨ ਤੇ ਲੋਕਾਂ 'ਤੇ ਅੱਤਿਆਚਾਰ ਕਰਨ 'ਤੇ ਹੀ ਲੱਗਾ ਰਿਹਾ। ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਸਮੇਤ ਵੱਖ-ਵੱਖ ਬੁਲਾਰਿਆਂ ਨੇ ਹਲਕਾ ਭੋਆ 'ਚੋਂ ਸੁਨੀਲ ਜਾਖੜ ਨੂੰ ਜਿਤਾਉਣ ਦਾ ਦਾਅਵਾ ਕੀਤਾ।


Related News