ਪਨਬੱਸ ਕੰਟਰੈਕਟ ਕਾਮੇ ਅਗਲੇ ਮਹੀਨੇ ਬਠਿੰਡਾ ''ਚ ਕਰਨਗੇ ਵੱਡੀ ਰੈਲੀ
Thursday, Sep 05, 2019 - 04:33 PM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਰਾਜ ਸਰਕਾਰ ਦੇ ਮੰਗਾਂ ਸਬੰਧੀ ਰਵੱਈਏ 'ਤੇ ਰੋਸ ਪ੍ਰਗਟ ਕਰਦਿਆਂ ਅਗਲੇ ਮਹੀਨੇ 10 ਅਕਤੂਬਰ ਨੂੰ ਵਿੱਤ ਮੰਤਰੀ ਦੇ ਸ਼ਹਿਰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਯੂਨੀਅਨ ਦੀ ਸਟੇਟ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਪਨਬੱਸ ਮੁਲਾਜ਼ਮਾਂ ਨਾਲ ਮਹਿਕਮੇ ਵਲੋਂ ਨਿੱਤ ਨਵੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਤਨਖਾਹ 'ਚ ਵਾਧੇ ਦੇ ਬਹਾਨੇ ਅਫਸਰਾਂ ਵਲੋਂ ਨਵੇਂ ਠੇਕੇਦਾਰ ਨਾਲ ਸਮਝੌਤਾ ਕਰਨ ਦੀ ਸ਼ਰਤ ਜਾਂ ਫਿਰ ਇਕ ਸਾਲ ਹੜਤਾਲ ਨਾ ਕਰਨ ਦੀ ਸ਼ਰਤ ਰੱਖ ਕੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਜਦੋਂਕਿ ਪਨਬੱਸ ਮੁਲਾਜ਼ਮਾਂ ਨੂੰ ਕੇਵਲ 2500 ਰੁਪਏ ਤਨਖਾਹ ਵਾਧੇ ਦੇ ਲਾਰੇ ਲਾਏ ਜਾ ਰਹੇ ਹਨ। ਲਿਖਤੀ ਚਿੱਠੀ ਕੱਢਣ ਲਈ ਵੀ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਰਿਪੋਰਟਾਂ ਦੀਆਂ ਕੰਡੀਸ਼ਨਾਂ ਖਤਮ ਕਰਨ ਤੇ ਤਨਖਾਹ ਵਾਧੇ ਦੀ ਲਿਖਤੀ ਚਿੱਠੀ ਜਲਦੀ ਕੱਢੀ ਜਾਵੇ। ਰੋਡਵੇਜ਼ ਦੇ ਰੂਟਾਂ ਫਿਰੋਜ਼ਪੁਰ ਤੋਂ ਫਾਜ਼ਿਲਕਾ 'ਤੇ ਰਾਜਸਥਾਨ ਦੀਆਂ ਬੱਸਾਂ ਪਾਉਣ ਦਾ ਵਿਰੋਧ ਕਰਨ ਤੋਂ ਇਲਾਵਾ ਇਨ੍ਹਾਂ ਰੂਟਾਂ 'ਤੇ ਚੱਲਦੀਆਂ ਪ੍ਰਾਈਵੇਟ ਬੱਸਾਂ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਇਹ ਮੰਗ ਵੀ ਕੀਤੀ ਗਈ ਹੈ ਕਿ ਪਨਬੱਸ ਅੰਦਰ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ, ਪਨਬੱਸ 'ਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਨਾ ਪਾਈਆਂ ਜਾਣ ਤੇ 2016 ਵੈਲਫੇਅਰ ਐਕਟ ਲਾਗੂ ਕੀਤਾ ਜਾਵੇ। ਯੂਨੀਅਨ ਦੀ ਮੀਟਿੰਗ 'ਚ ਚੇਅਰਮੈਨ ਸਲਵਿੰਦਰ ਸਿੰਘ, ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ, ਜੁਆਇੰਟ ਸਕੱਤਰ ਜਲੋਰ ਸਿੰਘ, ਕੈਸ਼ੀਅਰ ਬਰਜਿੰਦਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਆਦਿ ਪ੍ਰਮੁੱਖ ਆਗੂ ਸ਼ਾਮਲ ਸਨ।