ਪੰਜਾਬ ਦੀ ਜਵਾਨੀ ਨੂੰ ਖਾ ਗਿਆ ਚਿੱਟਾ, ਘਰ-ਘਰ ਵਿਛ ਰਹੇ ਨੇ ਸੱਥਰ!

Thursday, Sep 14, 2023 - 05:24 PM (IST)

ਪੰਜਾਬ ਦੀ ਜਵਾਨੀ ਨੂੰ ਖਾ ਗਿਆ ਚਿੱਟਾ, ਘਰ-ਘਰ ਵਿਛ ਰਹੇ ਨੇ ਸੱਥਰ!

ਮਾਲੇਰਕੋਟਲਾ (ਸ਼ਹਾਬੂਦੀਨ)-ਪੰਜਾਬ ਦੇ ਮਾਲਵਾ ਖਿੱਤੇ ਅਧੀਨ ਪੈਂਦੇ ਸੂਬੇ ਭਰ ਦੇ ਸਭ ਤੋਂ ਛੋਟੇ ਜ਼ਿਲ੍ਹਾ ਮਾਲੇਰਕੋਟਲਾ ਦੇ ਸ਼ਹਿਰੀ ਅਤੇ ਪੇਂਡੂ ਖੇਤਰ ’ਚ ਸਿੰਥੈਟਿਕ ਡਰੱਗ ਚਿੱਟੇ ਦੀ ਵਿਕਰੀ ਸਾਰੇ ਹੱਦਾਂ ਬੰਨ੍ਹੇ ਟੱਪ ਗਈ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਪੰਜਾਬੀਆਂ ਦੇ ਘਰਾਂ ’ਚ ਚਿੱਟੇ ਸੱਥਰ ਵਿਛਣ ਦਾ ਸਿਲਸਲਾ ਦਿਨੋ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਮਾਲੇਰਕੋਟਲਾ ਜ਼ਿਲ੍ਹੇ ’ਚ ਪਿਛਲੇ ਵਰ੍ਹੇ 2022 ਦੌਰਾਨ ਗੈਰ ਸਰਕਾਰੀ ਅੰਕੜਿਆਂ ਮੁਤਾਬਕ ਦਰਜਣਾਂ ਨੌਜਵਾਨਾਂ ਦੀ ਮੌਤ ਚਿੱਟੇ ਕਾਰਨ ਹੋਈ ਦੱਸੀ ਗਈ ਹੈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸ਼ਰਮਿੰਦਗੀ ਕਾਰਨ ਆਪਣੇ ਲੜਕੇ ਦੀ ਮੌਤ ਦਾ ਕਾਰਨ ਕੋਈ ਬੀਮਾਰੀ ਦੱਸ ਕੇ ਪੱਲਾ ਝਾੜ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨਵੇਂ ਸਾਲ 2023 ਦੇ ਪਹਿਲੇ ਹਫ਼ਤੇ ਹੀ ਮਾਲੇਰਕੋਟਲਾ ਜ਼ਿਲ੍ਹੇ ’ਚ ਦੋ ਨੌਜਵਾਨਾਂ ਦੀ ਇਸ ਮੌਤ ਰੂਪੀ ਚਿੱਟੇ ਦੇ ਓਵਰਡੋਜ਼ ਨਸ਼ੇ ਕਾਰਨ ਹੋਈ ਮੌਤ ਮਗਰੋਂ ਆਏ ਦਿਨ ਨਸ਼ਿਆਂ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਦਾਅਵੇ ਸਿਰਫ ਕਾਗਜ਼ੀ ਬਿਆਨ ਬਣ ਕੇ ਰਹਿ ਗਏ ਹਨ, ਬੇਸ਼ੱਕ ਮਾਲੇਰਕੋਟਲਾ ਜ਼ਿਲ੍ਹਾ ਪੁਲਸ ਆਪਣੀਆਂ ਪੂਰੀਆਂ ਸ਼ਕਤੀਆਂ ਝੋਕ ਕੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਚਿੱਟੇ ਦੇ ਵੱਡੇ ਮਗਰਮੱਛ ਸਮੱਗਲਰ ਹਾਲੇ ਤੱਕ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਪੰਜਾਬ ’ਚ ‘ਆਪ’ ਸਰਕਾਰ ਦੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਦੇ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾਣ ਦੇ ਬਾਵਜੂਦ ਮਾਲੇਰਕੋਟਲਾ ਸਿਟੀ ਇਲਾਕੇ ’ਚ ਚਿੱਟੇ ਦੀ ਵਿਕਰੀ ਨੇ ਰਿਕਾਰਡ ਤੋੜੇ ਪਏ ਹਨ।

ਇਹ ਵੀ ਪੜ੍ਹੋ- ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਮਗਰੋਂ ਪ੍ਰੋਫ਼ੈਸਰ ਦੀ ਬੁਰੀ ਤਰ੍ਹਾਂ ਕੁੱਟਮਾਰ, ਲੱਗੇ ਗੰਭੀਰ ਇਲਜ਼ਾਮ

ਨਸ਼ੇੜੀਆਂ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਲੋਕ ਮੁੜ ਚਿੰਤਾ ’ਚ ਡੁੱਬੇ
ਪਿਛਲੇ ਸਮੇਂ ਦੌਰਾਨ ਚਿੱਟੇ ਦੇ ਨਸ਼ੇੜੀਆਂ ਦੀ ਨਸ਼ੇ ਕਾਰਨ ਹੋਈ ਮਾੜੀ ਹਾਲਤ ਸਬੰਧੀ ਸਥਿਤੀ ਅਤੇ ਸੋਸ਼ਲ ਮੀਡੀਆ ’ਤੇ ਆਏ ਦਿਨ ਵਾਇਰਲ ਹੁੰਦੀਆਂ ਫੋਟੋਆਂ ਤੇ ਵੀਡੀਓ ਸਬੰਧੀ ਖਬਰਾਂ ਨੂੰ ਜਦੋਂ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ ਤਾਂ ਉਨ੍ਹਾਂ ਖਬਰਾਂ ਨੂੰ ਪੜ੍ਹ ਕੇ ਵੱਡੀ ਗਿਣਤੀ ਆਮ ਲੋਕਾਂ ਸਮੇਤ ਸਮਾਜ ਸੇਵੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਨੌਜਵਾਨੀ ਦੇ ਮਾੜੇ ਹਾਲਾਤਾਂ ਸਬੰਧੀ ਦੁੱਖ ਭਰੇ ਕੁਮੈਂਟ ਦਿੱਤੇ ਸਨ। ਹੁਣ ਪਿਛਲੇ ਦਿਨਾਂ ਦੌਰਾਨ ਸ਼ਹਿਰ ਦੇ ਸਮਾਜ ਸੇਵੀ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਝੰਡਾ ਚੁੱਕ ਕੇ ਨਸ਼ਾ ਮੁਕਤੀ ਮੁਹਿੰਮ ਸ਼ੁਰੂ ਕਰਦਿਆਂ ਜਦੋਂ ਨਸ਼ਿਆਂ ਦੀ ਵਿਕਰੀ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨਾ ਸ਼ੁਰੂ ਕੀਤੀਆਂ ਤਾਂ ਇਲਾਕਾ ਵਾਸੀ ਇਕ ਵਾਰ ਫਿਰ ਚਿੰਤਾ ’ਚ ਡੁੱਬ ਗਏ ਹਨ। ਮਾਲੇਰਕੋਟਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਹੋਰ ਕੰਮਕਾਰ ਹੁੰਦੇ ਰਹਿਣਗੇ ਪਰ ਹੁਣ ਪ੍ਰਸ਼ਾਸਨ ਨੂੰ ਸਿੰਥੈਟਿਕ ਡਰੱਗ ਚਿੱਟੇ ਦੇ ਨਸ਼ੇ ਨੂੰ ਰੋਕਣ ਲਈ ਫੌਰੀ ਤੌਰ ’ਤੇ ਕਦਮ ਚੁੱਕਣੇ ਚਾਹੀਦੇ ਹਨ।

ਮਾਲੇਰਕੋਟਲਾ ਹਲਕੇ ’ਚ ਵੱਡੇ-ਵੱਡੇ ਵਾਅਦੇ ਕਰਨ ਵਾਲਿਆਂ ਤੋਂ ਵੀ ਚਿੱਟਾ ਨਾ ਹੋਇਆ ਬੰਦ
ਜੇਕਰ ਗੱਲ ਪੰਜਾਬ ਦੇ ਇਕੋ-ਇਕ ਮੁਸਲਿਮ ਬਹੁਲਤਾ ਵਾਲੇ ਹਲਕਾ ਮਾਲੇਰਕੋਟਲਾ ਦੀ ਕਰੀਏ ਤਾਂ ਇਹ ਹਲਕਾ ਕਿਸੇ ਨਾ ਕਿਸੇ ਤਰ੍ਹਾਂ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਆ ਰਿਹਾ ਹੈ। ਸਿਆਣੇ ਕਹਿੰਦੇ ਨੇ ਕਿ ਜੰਗ, ਪਿਆਰ ਅਤੇ ਸਿਆਸਤ ’ਚ ਸਭ ਕੁਝ ਚੱਲਦਾ ਹੈ, ਜਿਸ ਦੀ ਮਿਸਾਲ ਪੰਜਾਬ ਦੀ ਸਿਆਸਤ ’ਚੋਂ ਮਿਲਦੀ ਹੈ। ਜਦੋਂ ਦੀ ਨਵੀਂ ਸਰਕਾਰ ਬਣਾਉਣ ਸਮੇਂ ਚੋਣਾਂ ਦਾ ਸਮਾਂ ਆਇਆ ਤਾਂ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਤਰੀਕੇ ਨਾਲ ਨਸ਼ਾ ਬੰਦ ਕਰਨ ਦੀਆਂ ਝੁੱਠੀਆਂ ਸਹੁੰ ਖਾ ਕੇ ਲੋਕਾਂ ਦੀਆਂ ਵੋਟਾਂ ਦਾ ਸੋਸ਼ਣ ਕੀਤਾ ਹੈ, ਜਦਕਿ ਲੋਕ ਸਵਾਰਥੀ ਸੋਚ ਦੇ ਲੀਡਰਾਂ ਨੂੰ ਆਪਣਾ ਹਿਤੈਸ਼ੀ ਮੰਨ ਕੇ ਜਿਤਾਉਂਦੇ ਆ ਰਹੇ ਹਨ। ਇਸ ਲੜੀ ਤਹਿਤ ਹਲਕਾ ਮਾਲੇਰਕੋਟਲਾ ਵੀ ਸਰਗਰਮ ਰਿਹਾ ਹੈ। ਇਥੋਂ ਵੀ ਆਪਣੀ ਜਿੱਤ ਅਤੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਸਮੁੱਚੇ ਦਿਗਜ਼ ਲੀਡਰਾਂ ਨੇ ਨਸ਼ੇ ਦੇ ਵਹਿਣ ’ਚ ਵਹਿ ਰਹੀ ਹਲਕੇ ਦੀ ਨੌਜਵਾਨੀ ਨੂੰ ਬਚਾਉਣ ਦੇ ਝੂਠੇ ਸੁਪਨੇ ਦਿਖਾ ਕੇ ਵੱਡੇ-ਵੱਡੇ ਦਮਗਜੇ ਮਾਰੇ ਅਤੇ ਹਰੇਕ ਲੀਡਰ ਨੇ ਸਿਆਸਤ ’ਚ ਕਾਮਯਾਬੀ ਹਾਸਲ ਕੀਤੀ।

ਇਹ ਵੀ ਪੜ੍ਹੋ-ਨੂਰਮਹਿਲ 'ਚ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਮਾਂ ਨੂੰ ਭੇਜ ਵਿਅਕਤੀ ਨੇ ਆਖੀ ਇਹ ਗੱਲ

ਜੇਕਰ ਪਿਛਲੇ ਲੰਬੇ ਸਮੇਂ ਤੋਂ ਵੱਖੋ-ਵੱਖਰੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਅਕਾਲੀ ਸਰਕਾਰ ਨੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਨੱਥ ਪਾਉਣ ਦੇ ਬਹੁਤ ਦਾਅਵੇ ਕੀਤੇ ਸਨ ਪਰ ਮਾਲੇਰਕੋਟਲਾ ਸਮੇਤ ਪੰਜਾਬ ਨਸ਼ਾ ਮੁਕਤ ਨਾ ਹੋਇਆ, ਜਦਕਿ ਦੂਜੇ ਪਾਸੇ ਲੋਕ ਚਰਚਾ ਤਾਂ ਇਹ ਵੀ ਸੁਣਨ ’ਚ ਆਈ ਹੈ ਕਿ ਪੰਜਾਬ ’ਚ ਚਿੱਟੇ ਦਾ ਕਥਿਤ ਜ਼ਿਆਦਾਤਰ ਪ੍ਰਚੱਲਣ ਅਕਾਲੀ ਸਰਕਾਰ ਦੌਰਾਨ ਹੀ ਹੋਇਆ ਸੀ। ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫੜ੍ਹ ਕੇ ਪੰਜਾਬ ਨੂੰ ਚਾਰ ਹਫ਼ਤਿਆਂ ’ਚ ਨਸ਼ਾ ਮੁਕਤ ਕਰਨ ਦੀ ਸਹੁੰ ਖਾ ਕੇ ਬਣਾਈ ਗਈ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਖ਼ਤਮ ਹੋਣ ਦੀ ਬਜਾਏ ਨਸ਼ਾ ਸਮੱਗਲਿੰਗ ਅਮਰਵੇਲ ਵਾਂਗ ਵੱਧਦੀ ਗਈ ਅਤੇ ਨਸ਼ੇ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀ ਬਰਬਾਦੀ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ। ਕਰੀਬ 17 ਮਹੀਨੇ ਪਹਿਲਾਂ ਚਿੱਟੇ ਨੂੰ ਬਿਲਕੁਲ ਬੰਦ ਕਰਨ ਦਾ ਵਿਸ਼ਵਾਸ ਦੇ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸੱਤਾ ਸੰਭਾਲਦਿਆਂ ਹੀ ਚਿੱਟਾ, ਨਸ਼ਾ ਸਮੱਗਲਰ, ਭ੍ਰਿਸ਼ਟਾਚਾਰ, ਰੇਤ ਦੀ ਕਾਲਾਬਾਜ਼ਾਰੀ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਸਨ। ਆਮ ਆਦਮੀ ਪਾਰਟੀ ਨੇ ਪਿਛਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੇ ਮੁਕਾਬਲੇ ਹੁਣ ਤੱਕ ਭਾਵੇਂ ਨਸ਼ਿਆਂ ਦੇ ਦੁੱਗਣੇ ਪਰਚੇ ਦਰਜ ਕੀਤੇ ਹਨ ਪਰ ਫਿਰ ਵੀ ਚਿੱਟੇ ਦਾ ਨਸ਼ਾ ਦਿਨੋ-ਦਿਨ ਵੱਧਣ ਦੀਆਂ ਅਫਵਾਹਾਂ ਸੁਣਨ ’ਚ ਆ ਰਹੀਆਂ ਹਨ।

ਲੋਕਾਂ ਦੇ ਸਹਿਯੋਗ ਤੋਂ ਬਿਨਾਂ ਖ਼ਤਮ ਨਹੀਂ ਹੋ ਸਕਦਾ ਨਸ਼ਾ
ਦੂਜੇ ਪਾਸੇ ਇਹ ਗੱਲ ਵੀ ਕਾਬਿਲੇ ਤਾਰੀਫ ਹੈ ਕਿ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਹਲਕਾ ਵਿਧਾਇਕ ਡਾ. ਰਹਿਮਾਨ ਵੱਲੋਂ ਖੁਦ ਅੱਗੇ ਆ ਕੇ ਆਪਣੀ ਟੀਮ ਦੇ ਨਾਲ ਮਿਲਕੇ ਹਲਕੇ ’ਚ ਨਸ਼ਿਆਂ ਦੇ ਖ਼ਿਲਾਫ਼ ਜਿਸ ਤਰ੍ਹਾਂ ਸਿੱਧੀ ਜੰਗ ਛੇੜਣ ਦਾ ਐਲਾਨ ਕੀਤਾ ਗਿਆ ਹੈ, ਉਸ ਤਰ੍ਹਾਂ ਪਹਿਲਾਂ ਕੋਈ ਵੀ ਵਿਧਾਇਕ ਨਸ਼ਿਆਂ ਖਿਲਾਫ ਕਥਿਤ ਅੱਗੇ ਨਹੀਂ ਆਇਆ। ਹੁਣ ਇਥੇ ਸਾਡੀ ਹਲਕਾ ਵਾਸੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਸੱਤਾਧਾਰੀ ਪਾਰਟੀ ਦਾ ਡਟ ਕੇ ਸਾਥ ਦਈਏ, ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਖ਼ਤਮ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ-ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News