'ਪੁੱਡਾ' ਵੱਲੋਂ ਜਾਇਦਾਦਾਂ ਦੀ ਈ-ਨੀਲਾਮੀ 5 ਤੋਂ 15 ਫਰਵਰੀ ਤੱਕ

Monday, Feb 01, 2021 - 04:10 PM (IST)

ਚੰਡੀਗੜ੍ਹ : ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਵੱਲੋਂ ਫਰਵਰੀ ਮਹੀਨੇ 'ਚ ਪ੍ਰਮੁੱਖ ਜਾਇਦਾਦਾਂ ਦੀ ਈ-ਨੀਲਾਮੀ ਕਰਵਾਈ ਜਾਵੇਗੀ, ਜਿਸ 'ਚ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਸਥਿਤ ਜਾਇਦਾਦਾਂ ਖਰੀਦਣ ਲਈ ਮੁਹੱਈਆ ਹੋਣਗੀਆਂ। ਈ-ਨੀਲਾਮੀ 5 ਫਰਵਰੀ, 2021 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 15 ਫਰਵਰੀ ਨੂੰ ਬਾਅਦ ਦੁਪਹਿਰ 1 ਵਜੇ ਖ਼ਤਮ ਹੋਵੇਗੀ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਜ਼ਬਰੀ ਚੁੱਕ ਕੇ ਤਿਹਾੜ ਜੇਲ੍ਹ ਭੇਜੇ ਕਿਸਾਨਾਂ 'ਚ ਫਤਿਹਗੜ੍ਹ ਸਾਹਿਬ ਦਾ ਨੌਜਵਾਨ ਵੀ ਸ਼ਾਮਲ

ਪੁੱਡਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਸ ਦੌਰਾਨ ਪ੍ਰਮੁੱਖ ਖੇਤਰਾਂ 'ਚ ਸਥਿਤ ਰਿਹਾਇਸ਼ੀ ਪਲਾਟਾਂ, ਐਸ. ਸੀ. ਓਜ਼., ਦੁਕਾਨਾਂ, ਬੂਥਾਂ ਆਦਿ ਦੀ ਈ-ਨੀਲਾਮੀ ਕੀਤੀ ਜਾਵੇਗੀ। ਇਹ ਸਾਈਟਾਂ ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਨਾਭਾ, ਕਪੂਰਥਲਾ, ਮੁਕੇਰੀਆਂ, ਮਾਨਸਾ, ਅਬੋਹਰ ਅਤੇ ਮਲੋਟ ਵਿਖੇ ਸਥਿਤ ਹਨ। ਪ੍ਰਮੁੱਖ ਜਾਇਦਾਦਾਂ ਨੂੰ ਖਰੀਦਣ ਦਾ ਇਹ ਇਕ ਵਧੀਆ ਮੌਕਾ ਹੈ ਕਿਉਂਕਿ ਨੀਲਾਮੀ ਵਾਲੀਆਂ ਸਾਈਟਾਂ ਪਹਿਲਾਂ ਤੋਂ ਹੀ ਵਿਕਸਿਤ ਇਲਾਕਿਆਂ 'ਚ ਸਥਿਤ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਸਿੱਖ ਚਿਹਰੇ ਉਤਾਰ ਰਹੀ 'ਭਾਜਪਾ'

ਉਨ੍ਹਾਂ ਅੱਗੇ ਦੱਸਿਆ ਕਿ ਫਾਈਨਲ ਬੋਲੀ ਦੀ 25 ਫ਼ੀਸਦੀ ਰਕਮ ਦੀ ਅਦਾਇਗੀ ਕਰਨ 'ਤੇ ਸਾਈਟਾਂ ਦਾ ਕਬਜ਼ਾ ਸਫਲ ਬੋਲੀਕਾਰਾਂ ਨੂੰ ਸੌਂਪਿਆ ਜਾਵੇਗਾ ਅਤੇ ਅਲਾਟੀਆਂ ਨੂੰ ਬਕਾਇਆ ਰਕਮ ਕਿਸ਼ਤਾਂ 'ਚ 9.5 ਫ਼ੀਸਦੀ ਸਲਾਨਾ ਵਿਆਜ ਦਰ 'ਤੇ ਜਮ੍ਹਾਂ ਕਰਵਾਉਣੀ ਪਵੇਗੀ। ਸਾਈਟਾਂ ਦਾ ਕਬਜ਼ਾ ਛੇਤੀ ਦੇਣ ਨਾਲ ਅਲਾਟੀ ਜਲਦ ਤੋਂ ਜਲਦ ਰਿਹਾਇਸ਼ੀ ਜਾਂ ਵਪਾਰਕ ਮੰਤਵ ਲਈ ਉਸਾਰੀ ਸ਼ੁਰੂ ਕਰ ਸਕਣਗੇ। ਬੁਲਾਰੇ ਨੇ ਦੱਸਿਆ ਕਿ ਈ-ਨੀਲਾਮੀ ਦੀ ਸ਼ੁਰੂਆਤ ਤੋਂ ਪਹਿਲਾਂ ਜਾਇਦਾਦਾਂ ਨਾਲ ਸਬੰਧਿਤ ਵੇਰਵੇ ਜਿਵੇਂ ਰਾਖਵੀਂ ਕੀਮਤ,  ਲੋਕੇਸ਼ਨ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਪੋਰਟਲ www.puda.e-auctions.in 'ਤੇ ਪਾ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ 'ਆਪਣੀ ਮੰਡੀ'

ਈ-ਨੀਲਾਮੀ 'ਚ ਹਿੱਸਾ ਲੈਣ ਲਈ, ਇੱਛੁਕ ਬੋਲੀਕਾਰਾਂ ਨੂੰ ਨੀਲਾਮੀ ਪੋਰਟਲ 'ਤੇ ਸਾਈਨ ਅਪ ਕਰਨਾ ਹੋਵੇਗਾ ਅਤੇ ਯੂਜ਼ਰ ਆਈ. ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/ਆਰ. ਟੀ. ਜੀ. ਐਸ./ ਐਨ. ਈ. ਐਫ. ਟੀ. ਦੇ ਜ਼ਰੀਏ ਰਿਫੰਡਏਬਲ/ਐਡਜਸਟਏਬਲ ਯੋਗਤਾ ਫੀਸ ਜਮ੍ਹਾਂ ਕਰਾਉਣੀ ਪਵੇਗੀ।
ਨੋਟ : ਪੁੱਡਾ ਵੱਲੋਂ ਜਾਇਦਾਦਾਂ ਦੀ ਈ-ਨੀਲਾਮੀ ਬਾਰੇ ਦਿਓ ਆਪਣੀ ਰਾਏ


Babita

Content Editor

Related News