ਲੋਕ ਨਿਰਮਾਣ ਮੰਤਰੀ ਸਿੰਗਲਾ ਵੱਲੋਂ ਪੰਜਾਬ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ

04/28/2020 11:54:33 PM

ਲੁਧਿਆਣਾ,(ਵਿੱਕੀ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਮੁੱਖ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਕੇਂਦਰੀ ਸੜਕੀ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਨ ਗਡਕਰੀ ਨੂੰ ਅਪੀਲ ਕੀਤੀ ਹੈ।ਇਨ੍ਹਾਂ ਪ੍ਰੋਜੈਕਟਾਂ 'ਚ ਕੋਵਿਡ-19 ਦੇ ਕਾਰਨ ਦੇਰੀ ਹੋ ਗਈ ਹੈ। ਦੇਸ਼ ਭਰ ਦੇ ਵੱਖ-ਵੱਖ ਹਾਈਵੇਅ ਅਤੇ ਸੜਕੀ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਗਡਕਰੀ ਵੱਲੋਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਲਏ ਗਏ ਜਾਇਜ਼ੇ ਦੌਰਾਨ ਉਨ੍ਹਾਂ ਨੇ ਇਹ
ਮੁੱਦਾ ਚੁੱਕਿਆ।
ਵਿਜੈ ਇੰਦਰ ਸਿੰਗਲਾ ਨੇ 255 ਕਰੋੜ ਰੁਪਏ ਦੀ ਅੰਦਾਜਨ ਰਾਸ਼ੀ ਦੇ ਨੈਸ਼ਨਲ ਹਾਈਵੇਅ ਨੂੰ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ, ਜੋ ਕਿ ਕੋਵਿਡ-19 ਦੇ ਕਾਰਨ ਹੋਈ ਲਾਕਡਾਊਨ ਦੇ ਕਾਰਨ ਪ੍ਰਵਾਨ ਨਹੀਂ ਕੀਤੇ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਸੀ. ਆਰ. ਆਈ. ਐਫ. ਸਕੀਮ ਦੇ ਹੇਠ 83.14 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਸਤਾਵ ਵੀ ਮਾਰਚ 2020 'ਚ ਪੇਸ਼ ਕੀਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪ੍ਰਸਤਾਵ ਪ੍ਰਵਾਨ ਕਰਨ ਤੋਂ ਬਾਅਦ ਅਚਾਨਕ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਪੀ. ਡਬਲਯੂ. ਡੀ. ਮੰਤਰੀ ਨੇ ਮਾਨਸਾ ਦੇ ਕਸਬੇ ਬਰੇਟਾਂ ਵਿਖੇ ਫਲਾਈ ਓਵਰ ਬਣਾਉਣ ਅਤੇ ਮੂਣਕ-ਜਾਖਲ-ਬੁਢਲਾਡਾ-ਭੀਖੀ ਨੈਸ਼ਨਲ ਹਾਈਵੇਅ (ਐਨ. ਐਚ-148ਬੀ) ਦੇ ਮੁੱਦੇ ਵੀ ਮੀਟਿੰਗ ਦੌਰਾਨ ਉਠਾਏ। ਉਨ੍ਹਾਂ ਕਿਹਾ ਕਿ ਇਸ ਫਲਾਈ ਓਵਰ ਦੇ ਨਿਰਮਾਣ ਦੇ ਵਾਸਤੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਅਨੁਮਾਨਾਂ 'ਚ ਪਰਿਵਰਤਨ ਦੇ ਵਾਸਤੇ ਪ੍ਰਵਾਨਗੀ ਵੀ ਮੰਗੀ ਹੈ।
ਸਿੰਗਲਾ ਨੇ ਦਿੱਲੀ-ਲੁਧਿਆਣਾ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਨੂੰ ਤੇਜ਼ੀ ਨਾਲ ਚਲਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਜ਼ਮੀਨ ਪ੍ਰਾਪਤ ਕਰਨ ਦੇ ਵਾਸਤੇ ਜ਼ਮੀਨ ਪ੍ਰਾਪਤ ਕਰਨ ਵਾਲੀ ਸਮਰੱਥ ਅਥਾਰਟੀ (ਸੀ. ਏ. ਐਲ. ਏ.) ਨਿਯੁਕਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਪ੍ਰਾਜੈਕਟ ਦੇ ਵਾਸਤੇ ਜਲਦੀ ਤੋਂ ਜਲਦੀ ਜ਼ਮੀਨ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕੈਬਨਿਟ ਮੰਤਰੀ ਨੇ ਸੂਬੇ ਵਿੱਚ ਲਾਕਡਾਊਨ ਦੀ ਸਥਿਤੀ ਬਾਰੇ ਵੀ ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਅ ਕਿ ਪੰਜਾਬ ਵਿੱਚ ਲਾਕਡਾਊਨ ਦੇ ਕਾਰਨ ਕੌਮੀ ਮਾਰਗਾਂ 'ਤੇ ਕੋਈ ਵੀ ਟਰੱਕ ਫਸਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਟੋਲ ਪਲਾਜ਼ਿਆਂ 'ਤੇ ਟਰੱਕਾਂ ਵਾਲਿਆਂ ਲਈ ਭੋਜਨ ਦੇ ਪੈਕਟ ਵੀ ਯਕੀਨੀ ਬਣਾ ਰਹੀ ਹੈ।


Deepak Kumar

Content Editor

Related News