ਟ੍ਰਾਈਸਿਟੀ ''ਚ ਪਬਲਿਕ ਟਰਾਂਸਪੋਰਟ ਦਾ ਬੋਝ ਇਕੱਲੇ ''ਚੰਡੀਗੜ੍ਹ'' ''ਤੇ
Thursday, Dec 20, 2018 - 11:47 AM (IST)

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਟਰਾਂਸਪੋਰਟ ਵਿਭਾਗ ਇਕੱਲਿਆਂ ਹੀ ਟ੍ਰਾਈਸਿਟੀ ਤੇ ਆਸ-ਪਾਸ ਦੇ ਇਲਾਕੇ 'ਚ ਪਬਲਿਕ ਟਰਾਂਸਪੋਰਟ ਦਾ ਬੋਝ ਚੁੱਕ ਰਿਹਾ ਹੈ। ਪੰਚਕੂਲਾ, ਮੋਹਾਲੀ, ਕਾਲਕਾ, ਪਿੰਜੌਰ, ਬੱਦੀ, ਬਰੋਟੀਵਾਲਾ, ਲਾਲੜੂ ਤਕ ਸੀ. ਟੀ. ਯੂ. ਦੀਆਂ ਬੱਸਾਂ ਲੋਕਾਂ ਨੂੰ ਲਿਆਉਣ-ਲਿਜਾਣ ਦਾ ਕੰਮ ਕਰ ਰਹੀਆਂ ਹਨ ਜੇਕਰ ਚੰਡੀਗੜ੍ਹ ਵੀ ਇਥੇ ਲੋਕਲ ਬੱਸਾਂ ਚਲਾਉਣੀਆਂ ਬੰਦ ਕਰ ਦੇਵੇ ਤਾਂ ਲੱਖਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਊਟ ਆਫ ਸਿਟੀ ਬੱਸਾਂ ਚਲਾਉਣ ਨਾਲ ਯੂ. ਟੀ. ਟਰਾਂਸਪੋਰਟ ਵਿਭਾਗ ਨੂੰ 50 ਕਰੋੜ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ।
ਅਧਿਕਾਰੀਆਂ ਦੀ ਦਲੀਲ ਹੈ ਕਿ ਸਿਟੀ 'ਚ ਬੱਸਾਂ ਚਲਾਉਣਾ ਤਾਂ ਫਾਇਦੇ ਦਾ ਸੌਦਾ ਹੈ ਪਰ ਇੰਟਰਸਿਟੀ ਇਹ ਘਾਟੇ ਦਾ ਸੌਦਾ ਹੈ। ਇਹ ਬੱਸਾਂ ਸਬਸਿਡੀ 'ਤੇ ਚਲਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਨੂੰ ਪੰਚਕੂਲਾ ਤੇ ਮੋਹਾਲੀ ਦਾ ਵੀ ਬੋਝ ਚੁੱਕਣਾ ਪੈ ਰਿਹਾ ਹੈ। ਹਰ ਰੋਜ਼ ਸੀ. ਟੀ. ਯੂ. ਦੀਆਂ ਬੱਸਾਂ ਮੋਹਾਲੀ, ਖਰੜ, ਕੁਰਾਲੀ, ਡੇਰਾਬੱਸੀ, ਲਾਲੜੂ, ਬੱਦੀ, ਬਰੋਟੀਵਾਲਾ, ਕਾਲਕਾ ਤਕ ਤੋਂ ਲੈ ਕੇ ਪੰਚਕੂਲਾ ਤਕ ਦੇ ਲੱਖਾਂ ਮੁਸਾਫਰਾਂ ਨੂੰ ਲਿਆਉਣ-ਲਿਜਾਣ ਦਾ ਕੰਮ ਕਰਦੀਆਂ ਹਨ। ਚੰਡੀਗੜ੍ਹ ਤੋਂ ਇਨ੍ਹਾਂ ਥਾਵਾਂ ਤਕ ਆਉਣ-ਜਾਣ ਵਾਲੇ ਮੁਸਾਫ਼ਰਾਂ ਲਈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) 413 ਬੱਸਾਂ ਚਲਾ ਰਿਹਾ ਹੈ।
ਪੰਚਕੂਲਾ ਤੋਂ ਸਿਰਫ਼ 10 ਬੱਸਾਂ ਤੇ ਮੋਹਾਲੀ ਤੋਂ ਲੋਕਲ ਪਬਲਿਕ ਟਰਾਂਸਪੋਰਟ ਦੇ ਨਾਂ 'ਤੇ ਕੋਈ ਸਰਵਿਸ ਹੀ ਨਹੀਂ ਹੈ।
ਪੰਚਕੂਲਾ ਤੋਂ ਨਾਮਾਤਰ ਬੱਸਾਂ ਚੱਲਣ ਅਤੇ ਮੋਹਾਲੀ ਤੋਂ ਇਕ ਵੀ ਲੋਕਲ ਬੱਸ ਨਾ ਚੱਲਣ ਕਾਰਨ ਸੀ. ਟੀ. ਯੂ. ਨੂੰ ਆਪਣੀਆਂ ਬੱਸਾਂ ਦੀ ਸਰਵਿਸ ਡੇਰਾਬੱਸੀ, ਜ਼ੀਰਕਪੂਰ, ਪੰਚਕੂਲਾ ਤਕ ਚਲਾਉਣੀ ਪੈਂਦੀ ਹੈ। ਇਸ ਨਾਲ ਲੋਕਲ ਚੰਡੀਗੜ੍ਹ 'ਚ ਬੱਸਾਂ ਦੀ ਫ੍ਰੀਕਵੈਂਸੀ 'ਤੇ ਅਸਰ ਪੈਂਦਾ ਹੈ। ਨਾ ਤਾਂ ਪੰਚਕੂਲਾ ਤੇ ਨਾ ਹੀ ਮੋਹਾਲੀ ਦੇ ਡਿਪੂ, ਜੋ ਹਰਿਆਣਾ ਤੇ ਪੰਜਾਬ ਦੇ ਅਧੀਨ ਆਉਂਦੇ ਹਨ, ਲੋਕਲ ਬੱਸਾਂ ਚਲਾਉਣ ਲਈ ਵਿਚਾਰ ਕਰ ਰਹੇ ਹਨ।