ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵੀ. ਆਈ. ਪੀ. ਟ੍ਰੀਟਮੈਂਟ ਤੋਂ ਆਮ ਜਨਤਾ ਨਾਰਾਜ਼
Monday, Aug 24, 2020 - 01:38 PM (IST)
ਜਲੰਧਰ (ਬੁਲੰਦ) : ਸ਼ਰਾਬ ਦੀ ਵਿਕਰੀ ਨੂੰ ਲੈ ਕੇ ਲਗਾਤਾਰ ਆਬਕਾਰੀ ਅਤੇ ਟੈਕਸੇਸ਼ਨ ਮਹਿਕਮਾ ਸਵਾਲਾਂ ਦੇ ਘੇਰੇ 'ਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਕ ਪਾਸੇ ਸਰਕਾਰ ਨੇ ਕੋਰੋਨਾ ਤੋਂ ਬਚਾ ਲਈ ਸਖ਼ਤੀ ਵਰਤੀ ਹੋਈ ਹੈ ਅਤੇ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਹੈ। ਵੀਕੈਂਡ 'ਤੇ ਵੀ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਉਥੇ ਐਤਵਾਰ ਨੂੰ ਵੀ ਸ਼ਰਾਬ ਦੇ ਠੇਕਿਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ. ਆਈ. ਪੀ. ਟ੍ਰੀਟਮੈਂਟ ਹੁੰਦਾ ਦਿਖਾਈ ਦਿੱਤਾ। ਹੈਰਾਨੀ ਦੀ ਗੱਲ ਰਹੀ ਕਿ ਦੁੱਧ, ਦਵਾਈਆਂ, ਕਰਿਆਨਾ ਆਦਿ ਦੀਆਂ ਦੁਕਾਨਾਂ ਨੂੰ ਸ਼ਾਮ ਸਾਢੇ 6 ਵਜੇ ਹੀ ਬੰਦ ਕਰਨ ਦੇ ਆਦੇਸ਼ਾਂ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਨਾ ਤਾਂ ਪੁਲਸ ਬੰਦ ਕਰਵਾਉਂਦੀ ਦਿਸੀ ਅਤੇ ਨਾ ਹੀ ਸ਼ਰਾਬ ਠੇਕੇਦਾਰਾਂ 'ਚ ਹੀ ਠੇਕਿਆਂ ਨੂੰ ਬੰਦ ਕਰਨ ਨੂੰ ਲੈ ਕੇ ਕੋਈ ਨਿਯਮਾਂ ਦੀ ਪਾਲਣਾ ਕਰਨ ਦੀ ਭਾਵਨਾ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਪਤਨੀ ਦੀ ਮੌਤ ਤੋਂ ਬਾਅਦ ਕਰਵਾਇਆ ਦੂਜਾ ਵਿਆਹ ਨਾ ਆਇਆ ਰਾਸ, ਉਹ ਹੋਇਆ ਜੋ ਸੋਚਿਆ ਨਾ ਸੀ
ਆਮ ਲੋਕਾਂ 'ਚ ਭਾਰੀ ਨਾਰਾਜ਼ਗੀ
ਅਜਿਹੇ 'ਚ ਆਮ ਲੋਕਾਂ 'ਚ ਭਾਰੀ ਨਾਰਾਜ਼ਗੀ ਦਿਸੀ। ਕਈਆਂ ਨੇ ਤਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਰਕਾਰ ਨੂੰ ਫਿਟਕਾਰ ਲਗਾਈ ਕਿ ਆਖਿਰ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਸਰਕਾਰ ਨੇ ਅੱਖਾਂ 'ਤੇ ਪੱਟੀ ਕਿਉਂ ਬੰਨ੍ਹ ਰੱਖੀ ਹੈ। ਬੀਤੇ ਦਿਨੀਂ ਅੰਮ੍ਰਿਤਸਰ ਦੀ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਦਹੀ ਦੀ ਦੁਕਾਨ 'ਤੇ ਪੁਲਸ ਵਾਲੇ ਸਖ਼ਤੀ ਕਰਦੇ ਦਿਖੇ ਕਿਉਂਕਿ ਉਹ ਸਾਢੇ 6 ਵਜੇ ਤੋਂ ਬਾਅਦ ਵੀ ਖੁੱਲ੍ਹੀ ਸੀ ਪਰ ਜਲੰਧਰ ਸਮਤੇ ਪੂਰੇ ਪੰਜਾਬ 'ਚ ਸ਼ਰਾਬ ਦੇ ਠੇਕੇ ਐਤਵਾਰ ਨੂੰ ਨਾ ਤਾਂ ਲਾਕਡਾਊਨ ਦੀ ਪਾਲਣਾ ਕਰਦੇ ਦਿਸੇ ਅਤੇ ਨਾ ਹੀ ਕਿਸੇ ਠੇਕੇਦਾਰ ਨੇ ਸ਼ਾਮ 6.30 ਵਜੇ ਤੱਕ ਠੇਕਾ ਬੰਦ ਕੀਤਾ। ਇੰਨਾ ਹੀ ਨਹੀਂ ਠੇਕੇ ਬੰਦ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਚੋਰ ਮੋਰੀ ਰਾਹੀਂ ਸ਼ਰਾਬ ਵੇਚੀ ਜਾਂਦੀ ਰਹੀ। ਮਾਮਲੇ ਬਾਰੇ ਨਕੋਦਰ ਤੋਂ ਵਿਧਾਇਕ ਅਤੇ ਅਕਾਲੀ ਦਲ (ਬ) ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਸਰਕਾਰ ਨੇ ਕਿਸਾਨਾਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ ਸਭ ਦੇ ਲਈ ਪ੍ਰੇਸ਼ਾਨੀ ਪੈਦਾ ਕਰ ਰੱਖੀ ਹੈ। ਲੋਕ ਕੋਰੋਨਾ ਮਹਾਮਾਰੀ ਦੌਰਾਨ ਕਾਰੋਬਾਰੀ ਬਦਹਾਲੀ ਨੂੰ ਝੱਲ ਰਹੇ ਹਨ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਕਿਸਾਨਾਂ ਦਾ ਬੁਰਾ ਹਾਲ ਹੈ । ਦੂਜੇ ਪਾਸੇ ਸਰਕਾਰ ਦਾ ਸਾਰਾ ਜ਼ੋਰ ਹੋਰ ਜ਼ਰੂਰੀ ਸਾਮਾਨ ਦੀ ਜਗ੍ਹਾ ਸ਼ਰਾਬ ਦੀ ਵਿਕਰੀ ਨੂੰ ਵਧਾਉਣ 'ਤੇ ਲੱਗਾ ਹੋਇਆ ਹੈ। ਵਡਾਲਾ ਨੇ ਕਿਹਾ ਕਿ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਸਰਕਾਰ ਤੋਂ ਪੰਜਾਬ ਬਿਲਕੁਲ ਸੰਭਾਲਿਆ ਜਾ ਰਿਹਾ।
ਇਹ ਵੀ ਪੜ੍ਹੋ : ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ)