ਪੀ. ਐੱਸ. ਪੀ. ਸੀ. ਐੱਲ. ਵੱਲੋਂ 151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ : ਈ. ਟੀ. ਓ.

Thursday, Aug 15, 2024 - 04:18 PM (IST)

ਪੀ. ਐੱਸ. ਪੀ. ਸੀ. ਐੱਲ. ਵੱਲੋਂ 151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ : ਈ. ਟੀ. ਓ.

ਚੰਡੀਗੜ੍ਹ/ਜਲੰਧਰ (ਨਵਿੰਦਰ, ਧਵਨ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪਾਵਰ ਟਰਾਂਸਮਿਸ਼ਨ ਨੈੱਟਵਰਕ ’ਚ ਜਨਵਰੀ 2024 ਤੋਂ ਹੁਣ ਤੱਕ ਵੱਡੇ ਅੱਪਗ੍ਰੇਡੇਸ਼ਨ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ, ਜਿਸ ਦੀ ਸੰਯੁਕਤ ਅਨੁਮਾਨਿਤ ਲਾਗਤ 151 ਕਰੋੜ ਰੁਪਏ ਹੈ। ਇਹ ਪ੍ਰਾਪਤੀ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੱਲ ਮਹਤਵਪੂਰਨ ਕਦਮ ਹੈ।

ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਤਿੰਨ ਨਵੇਂ 66 ਕੇ.ਵੀ. ਗਰਿੱਡ ਸਬ ਸਟੇਸ਼ਨ ਚਾਲੂ ਕੀਤੇ ਹਨ। ਇਸ ਤੋਂ ਇਲਾਵਾ 32 ਪਾਵਰ ਟ੍ਰਾਂਸਫਾਰਮਰਾਂ ਦੇ ਵਾਧੇ ਦੇ ਨਤੀਜੇ ਵਜੋਂ ਸਮਰੱਥਾ ’ਚ 277 ਐੱਮ. ਵੀ. ਏ. ਦਾ ਵਾਧਾ ਹੋਇਆ ਹੈ। ਪੰਜ ਨਵੇਂ ਪਾਵਰ ਟਰਾਂਸਫਾਰਮਰ ਵੀ ਲਗਾਏ ਗਏ ਹਨ, ਜਿਨ੍ਹਾਂ ਸਦਕਾ 77.5 ਐੱਮ.ਵੀ.ਏ. ਦੀ ਵਾਧੂ ਸਮਰੱਥਾ ਦਾ ਯੋਗਦਾਨ ਪਿਆ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦਾ ਮਕਸਦ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤਕਨੀਕੀ ਤਰੱਕੀ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਟਿਕਾਊ ਬਿਜਲੀ ਸਪਲਾਈ ਨੂੰ ਯਕੀਨੀ ਬਣਾ ਕੇ ਸੂਬੇ ਦੀਆਂ ਵੱਧ ਰਹੀਆਂ ਊਰਜਾ ਮੰਗਾਂ ਨੂੰ ਪੂਰਾ ਕਰਨਾ ਹੈ। ਪੀ. ਐੱਸ. ਪੀ. ਸੀ. ਐੱਲ. ਖਪਤਕਾਰਾਂ ਨੂੰ ਭਰੋਸੇਯੋਗ ਅਤੇ ਕੁਸ਼ਲ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਦੀਆਂ ਇਹ ਪ੍ਰਾਪਤੀਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਬਿਜਲੀ ਸਹੂਲਤ ਦੇਣ ਲਈ ਬਿਜਲੀ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਇਸ ਦੇ ਵਿਸਤਾਰ ਕਰਨ ਦੇ ਯਤਨਾਂ ਨੂੰ ਦਰਸਾਉਂਦੀਆਂ ਹਨ।


author

Gurminder Singh

Content Editor

Related News