PSEB ਨੇ ਸ਼ੁਰੂ ਕੀਤੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਤਿਆਰੀ, ਸ਼ੈਡਿਊਲ ਜਾਰੀ
Monday, Nov 23, 2020 - 04:22 PM (IST)
 
            
            ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 'ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ 'ਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਵੱਲੋਂ ਜਾਰੀ ਸੂਚਨਾ ਅਨੁਸਾਰ ਸਾਲਾਨਾ ਪ੍ਰੀਖਿਆਵਾਂ ਲਈ ਦਸਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਲਈ 800 ਰੁਪਏ ਅਤੇ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ 1200 ਰੁਪਏ ਪ੍ਰਤੀ ਪ੍ਰੀਖਿਆਰਥੀ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਦਸਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਨੂੰ ਪ੍ਰਯੋਗੀ ਵਿਸ਼ੇ ਲਈ 100 ਰੁਪਏ ਅਤੇ ਵਾਧੂ ਵਿਸੇ ਲਈ 350 ਰੁਪਏ ਪ੍ਰਤੀ ਵਿਸ਼ਾ ਫ਼ੀਸ ਭਰਨੀ ਹੋਵੇਗੀ। ਇਸੇ ਤਰਾਂ ਬਾਰ੍ਹਵੀਂ ਸ਼੍ਰੇਣੀ ਦੇ ਪ੍ਰ੍ਰੀਖਿਆਰਥੀਆਂ ਨੂੰ 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਭਰਨੀ ਪਵੇਗੀ। ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਦੋਵੇਂ ਸ਼੍ਰੇਣੀਆਂ ਲਈ ਬਿਨਾਂ ਲੇਟ ਫ਼ੀਸ ਪ੍ਰੀਖਿਆ ਫ਼ਾਰਮ ਭਰਨ ਅਤੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ ਪਹਿਲੀ ਦਸੰਬਰ ਅਤੇ ਬੈਂਕ ਵਿੱਚ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 10 ਦਸਬੰਰ ਨਿਰਧਾਰਤ ਕੀਤੀ ਗਈ ਹੈ। ਦੋਹਾਂ ਸ਼੍ਰੇਣੀਆਂ ਲਈ ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 15 ਦਸੰਬਰ ਅਤੇ ਬੈਂਕ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 21 ਦਸਬੰਰ ਹੋਵੇਗੀ।|ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 31 ਦਸੰਬਰ ਨਿਰਧਾਰਤ ਕੀਤੀ ਗਈ ਹੈ ਅਤੇ ਬੈਂਕ 'ਚ ਚਲਾਨ ਰਾਹੀਂ ਫ਼ੀਸ 7 ਜਨਵਰੀ 2021 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਉਪਰੰਤ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ 15 ਜਨਵਰੀ 2021 ਤੱਕ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 22 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'
ਅੰਤ 'ਚ 2500 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ 29 ਜਨਵਰੀ 2021 ਤੱਕ ਪ੍ਰੀਖਿਆ ਫ਼ਾਰਮ ਭਰਕੇ ਬੈਂਕਾਂ 'ਚ ਚਲਾਨ ਜਨਰੇਟ ਕਰਨ ਉਪਰੰਤ 08 ਫ਼ਰਵਰੀ 2021 ਤੱਕ ਚਲਾਨ ਰਾਹੀਂ ਫ਼ੀਸ ਬੈਂਕਾਂ 'ਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਬੈਂਕਾਂ ਰਾਹੀਂ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਦੋਬਾਰਾ ਚਲਾਨ ਜਨਰੇਟ ਨਹੀਂ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਸ਼੍ਰੀ ਮਹਿਰੋਕ ਵੱਲੋਂ ਦੱਸਿਆ ਗਿਆ ਕਿ ਜੇਕਰ ਪ੍ਰੀਖਿਆਰਥੀਆਂ ਦੇ ਵੇਰਵਿਆਂ 'ਚ ਕੋਈ ਸੋਧ ਹੋਵੇ ਤਾਂ 31 ਜਨਵਰੀ 2021 ਤੱਕ ਸਕੂਲ ਮੁਖੀ ਆਪਣੇ ਪੱਧਰ 'ਤੇ ਸੋਧ ਕਰ ਸਕਦੇ ਹਨ ਅਤੇ 26 ਫ਼ਰਵਰੀ 2021 ਤੱਕ 200 ਰੁਪਏ ਪ੍ਰਤੀ ਸੋਧ ਨਾਲ ਇਹ ਸੋਧਾਂ ਕੀਤੀਆਂ ਜਾ ਸਕਣਗੀਆਂ। 31 ਜਨਵਰੀ 2021 ਤੋਂ ਬਾਅਦ ਸਕੂਲਾਂ ਵੱਲੋਂ ਆਪਣੀ ਲਾਗ-ਇੰਨ ਆਈ. ਡੀ. 'ਤੇ ਉਪਲਬਧ ਸ਼੍ਰੇਣੀ ਵਾਈਜ਼ ਦਿੱਤੇ ਆਨ-ਲਾਈਨ ਸੋਧ ਪ੍ਰਫਾਰਮੇਂ 'ਚ ਸੋਧਾਂ ਦਰਜ ਕਰਨ ਉਪਰੰਤ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ।
ਇਹ ਵੀ ਪੜ੍ਹੋ : ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ 'ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ
ਜੇ. ਆਰ. ਮਹਿਰੋਕ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਪ੍ਰੀਖਿਆ ਫ਼ੀਸਾਂ ਸਿਰਫ਼ ਬੈਂਕ ਚਲਾਨ ਰਾਹੀਂ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ ਕਿਉਂਕਿ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫ਼ੀਸ ਦਾਖਲਾ ਫ਼ੀਸਾਂ ਦੇ ਨਾਲ ਹੀ ਲਈ ਜਾਂਦੀ ਹੈ, ਇਸ ਲਈ ਉਨ੍ਹਾਂ ਪ੍ਰੀਖਿਆਰਥੀਆਂ ਲਈ ਵੱਖਰੇ ਤੌਰ 'ਤੇ ਪ੍ਰੀਖਿਆ ਫ਼ੀਸ ਨਹੀਂ ਲੱਗੇਗੀ ਅਤੇ ਓਪਨ ਸਕੂਲ ਪ੍ਰਣਾਲੀ ਦੇ ਜਿਹੜੇ ਪ੍ਰੀਖਿਆਰਥੀ ਹੁਣ ਦਾਖਲਾ ਫ਼ਾਰਮ ਭਰਨਗੇ, ਉਨ੍ਹਾਂ ਲਈ ਪ੍ਰੀਖਿਆ ਫ਼ੀਸਾਂ ਦਾ ਸ਼ੈਡਿਊਲ ਉਕਤ ਅਨੁਸਾਰ ਹੀ ਹੋਵੇਗਾ। ਓਪਨ ਸਕੂਲ ਪ੍ਰਣਾਲੀ ਅਧੀਨ ਭਰੇ ਗਏ ਪ੍ਰੀਖਿਆ ਫ਼ਾਰਮ ਖ਼ੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਸਾਲਾਨਾ ਪ੍ਰੀਖਿਆ 2021 ਲਈ ਪ੍ਰੀਖਿਆ ਫ਼ਾਰਮ ਭਰਨ ਅਤੇ ਫੀਸਾਂ ਜਮ੍ਹਾਂ ਕਰਵਾਉਣ ਸਬੰਧੀ ਸੰਪੂਰਨ ਜਾਣਕਾਰੀ ਸਕੂਲਾਂ ਦੀ ਲਾਗ-ਇੰਨ ਆਈ.ਡੀ. ਦੇ ਨਾਲ-ਨਾਲ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੁ. ਸੰਤ ਸਾਗਰ ਬਾਉਲੀ ਸਾਹਿਬ (ਹਰਿਦੁਆਰ) ਦੀ ਨਵੀਂ ਇਮਾਰਤ ਦੀ ਸੇਵਾ ਜੈਕਾਰਿਆਂ ਦੀ ਗੂੰਜ 'ਚ ਆਰੰਭ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            