ਜਲੰਧਰ 'ਚ ਪਿਓ ਵੱਲੋਂ 3 ਧੀਆਂ ਦੇ ਕਤਲ ਮਗਰੋਂ Child Commission ਦੇ ਚੇਅਰਮੈਨ ਨੇ ਮਾਪਿਆਂ ਨੂੰ ਕੀਤੀ ਖ਼ਾਸ ਅਪੀਲ

Tuesday, Oct 03, 2023 - 11:34 PM (IST)

ਜਲੰਧਰ 'ਚ ਪਿਓ ਵੱਲੋਂ 3 ਧੀਆਂ ਦੇ ਕਤਲ ਮਗਰੋਂ Child Commission ਦੇ ਚੇਅਰਮੈਨ ਨੇ ਮਾਪਿਆਂ ਨੂੰ ਕੀਤੀ ਖ਼ਾਸ ਅਪੀਲ

ਚੰਡੀਗੜ੍ਹ: ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਨੇ ਜਲੰਧਰ ਜ਼ਿਲ੍ਹੇ ਵਿਚ ਮਾਂ-ਬਾਪ ਵੱਲੋਂ ਆਰਥਿਕ ਤੰਗੀ ਕਾਰਨ ਆਪਣੀਆਂ 3 ਮਾਸੂਮ ਛੋਟੀਆਂ ਬੱਚੀਆਂ ਨੂੰ ਜ਼ਹਿਰ ਦੇ ਕੇ ਮਾਰਨ ਸਬੰਧੀ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਘਟਨਾ ਸਬੰਧੀ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਮਾਸੂਮ ਛੋਟੀਆਂ ਬੱਚੀਆਂ ਦਾ ਕਤਲ ਕਰਨਾ ਬਹੁਤ ਮਾੜੀ ਘਟਨਾ ਹੈ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਕੋਈ ਇਸ ਤਰ੍ਹਾਂ ਦਾ ਜੁਰਮ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਮੈਨੂੰ  ਬਹੁਤ ਠੇਸ ਪਹੁੰਚੀ ਹੈ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਚੇਅਰਮੈਨ ਕੰਵਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਮਾਂ-ਬਾਪ ਆਰਥਿਕ ਤੰਗੀ ਕਾਰਨ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਉਹ ਬੱਚਿਆਂ ਨੂੰ ਜਾਨੋਂ ਨਾ ਮਾਰਨ, ਸਗੋਂ ਬਾਲ ਭਲਾਈ ਕਮੇਟੀਆਂ ਵਿਚ ਸਰੰਡਰ ਕਰਨ ਤਾਂ ਜੋ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਬੱਚੇ ਸਮਾਜ ਅਤੇ ਰਾਸ਼ਟਰ ਦਾ ਭਵਿੱਖ ਹਨ, ਇਹ ਬੱਚੇ ਵੱਡੇ ਹੋ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭਲਾਈ ਲਈ ਕਾਨੂੰਨ ਬਣਾਏ ਗਏ ਹਨ ਅਤੇ ਬੱਚਿਆਂ ਖ਼ਿਲਾਫ਼ ਕਿਸੇ ਕਿਸਮ ਦਾ ਅਪਰਾਧ ਕਰਨ ਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦਾ ਉਪਬੰਧ ਹੈ। ਇਸ ਤੋਂ ਇਲਾਵਾ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ, 2015 ਦੀ ਧਾਰਾ 35 ਤਹਿਤ ਇਹ ਵੀ ਉਪਬੰਧ ਕੀਤਾ ਗਿਆ ਹੈ ਕਿ ਜੋ ਮਾਂ-ਬਾਪ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਨਹੀਂ ਕਰ ਸਕਦੇ, ਉਹ ਆਪਣੇ ਬੱਚਿਆਂ ਨੂੰ ਬਾਲ ਭਲਾਈ ਕਮੇਟੀਆਂ ਵਿਚ ਸਰੰਡਰ ਕਰ ਸਕਦੇ ਹਨ। ਜਿਸ ਨਾਲ ਬੱਚਿਆਂ ਦੀ ਜਾਨ ਬਚ ਸਕੇ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਬਾਲ ਭਲਾਈ ਕਮੇਟੀਆਂ ਤੋਂ ਇਲਾਵਾ ਬਾਲ ਸੁਰੱਖਿਆ ਯੂਨਿਟ ਬਣੇ ਹੋਏ ਹਨ। ਬੱਚਿਆਂ ਨੂੰ ਸਰੰਡਰ ਕਰਨ ਸਬੰਧੀ ਮਾਂ-ਬਾਪ ਚਾਇਲਡ ਹੈਲਪ ਲਾਈਨ ਨੰਬਰ 1098 ਤੇ ਫ਼ੋਨ ਕਰਕੇ ਸੂਚਨਾ ਦੇ ਸਕਦੇ ਹਨ। ਮਾਂ ਬਾਪ, ਬੱਚਿਆਂ ਦੇ ਪਾਲਣ ਪੋਸ਼ਣ ਦੀ ਅਸਮਰੱਥਾ ਜ਼ਾਹਰ ਕਰਦੇ ਹੋਏ ਨਵ ਜੰਮ੍ਹੇ ਜਾਂ ਉਸ ਤੋਂ ਵੱਡੇ ਬੱਚਿਆਂ ਨੂੰ ਬਾਲ ਭਲਾਈ ਕਮੇਟੀਆਂ ਵਿਚ ਸੌਂਪ ਸਕਦੇ ਹਨ। ਜ਼ਿਕਰਯੋਗ ਹੈ ਕਿ ਬਾਲ ਭਲਾਈ ਕਮੇਟੀ ਵੱਲੋਂ ਸਬੰਧਤ ਮਾਪਿਆਂ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ, ਜੇਕਰ ਦੋ ਮਹੀਨਿਆਂ ਬਾਅਦ ਵੀ ਉਹ ਆਪਣੇ ਇਸ ਫ਼ੈਸਲੇ ਤੇ ਅਟਲ ਰਹਿੰਦੇ ਹਨ ਤਾਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋੜਵੰਦ ਮਾਪਿਆਂ ਨੂੰ ਗੋਦ ਲੈਣ ਦੀ ਕਾਰਵਾਈ ਸ਼ੁਰੂ ਕਰਕੇ ਲੋੜਵੰਦ ਮਾਪਿਆਂ ਨੂੰ ਗੋਦ ਦੇ ਦਿੱਤੇ ਜਾਂਦੇ ਹਨ ਅਤੇ ਛੇ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਬਾਲ ਭਲਾਈ ਸੰਸਥਾਵਾਂ ਵਿਚ ਸਰਕਾਰ ਵੱਲੋਂ ਪਾਲਣ ਪੋਸ਼ਣ ਕੀਤਾ ਜਾਂਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News