PRTC ਦਾ ਤੋਹਫਾ, 420 ਰੁਪਏ ’ਚ ਕਰੋ ਪੂਰੇ ਪੰਜਾਬ ਦਾ ਸਫਰ
Friday, Oct 26, 2018 - 08:19 AM (IST)
ਪਟਿਆਲਾ (ਰਾਜੇਸ਼)— ਪੰਜਾਬ ਵਿਚ ਕੋਈ ਵੀ ਵਿਅਕਤੀ ਹੁਣ 420 ਰੁਪਏ ਵਿਚ ਪੰਜਾਬ ਭਰ ਵਿਚ ਘੁੰਮ ਸਕੇਗਾ। ਪੰਜਾਬ ਸਰਕਾਰ ਦੀ ਟਰਾਂਸਪੋਰਟ ਕੰਪਨੀ ਪੀ. ਆਰ. ਟੀ. ਸੀ. ਨੇ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ 420 ਰੁਪਏ ਵਿਚ ਪੂਰੇ ਪੰਜਾਬ ’ਚ ਸਫਰ ਕਰਨ ਸਬੰਧੀ ਸਕੀਮ ਲਾਂਚ ਕੀਤੀ ਹੈ। ਇਥੇ ਪਟਿਆਲਾ ਬੱਸ ਸਟੈਂਡ ਵਿਖੇ ਅੰਮ੍ਰਿਤਸਰ ਲਈ ਏ. ਸੀ. ਬੱਸ ਸੇਵਾ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਵੱਲੋਂ ਬੱਚਤ ਕਾਰਡ ਲਾਂਚ ਕੀਤੇ ਜਾ ਰਹੇ ਹਨ। ਪੀ. ਆਰ. ਟੀ. ਸੀ. ਦੀ ਕਿਸੇ ਵੀ ਆਮ ਬੱਸ ਵਿਚ 420 ਰੁਪਏ ਦਾ ਕਾਰਡ ਬਣੇਗਾ।
24 ਘੰਟਿਆਂ ਦੌਰਾਨ ਕੋਈ ਵੀ ਵਿਅਕਤੀ ਇਸ ਕਾਰਡ ਨਾਲ 500 ਕਿਲੋਮੀਟਰ ਤੱਕ ਦਾ ਸਫਰ ਇਨ੍ਹਾਂ ਬੱਸਾਂ ਵਿਚ ਕਰ ਸਕਦਾ ਹੈ। ਪੀ. ਆਰ. ਟੀ. ਸੀ. ਦੀ ਐੱਚ. ਵੀ. ਏ. ਸੀ. ਬੱਸਾਂ ਵਿਚ ਇਹ ਬੱਚਤ ਕਾਰਡ 535 ਰੁਪਏ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ 420 ਵਾਲਾ ਕਾਰਡ 3 ਸਾਲ ਤੋਂ 12 ਸਾਲ ਦੇ ਬੱਚਿਆਂ ਲਈ 210 ਰੁਪਏ ਤੇ ਐੱਚ. ਵੀ. ਏ. ਸੀ. ਵਿਚ ਬੱਚਿਆਂ ਲਈ 270 ਰੁਪਏ ਦਾ ਹੋਵੇਗਾ। ਇਸ ਮੌਕੇ ਪੀ. ਆਰ. ਟੀ. ਸੀ. ਦੇ ਐੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸਾਧਾਰਨ ਬੱਸਾਂ ਤੋਂ ਇਲਾਵਾ ਐੱਚ. ਵੀ. ਏ. ਸੀ. ਬੱਸਾਂ ਵਿਚ ਪੀ. ਆਰ. ਟੀ. ਸੀ. ਦੇ ਰੂਟਾਂ ’ਤੇ ਰਿਆਇਤੀ ਬੱਸ ਪਾਸ ਸਕੀਮ ਲਾਗੂ ਕਰ ਦਿੱਤੀ ਗਈ ਹੈ। ਇਕ ਮਹੀਨੇ ਵਿਚ ਆਉਣ-ਜਾਣ ਦੇ 60 ਚੱਕਰਾਂ ਦੀ ਬਜਾਏ ਸਿਰਫ 40 ਚੱਕਰਾਂ ਦੇ ਪੈਸੇ ਲੈ ਕੇ ਪਾਸ ਬਣਾਇਆ ਜਾ ਸਕਦਾ ਹੈ। ਪਟਿਆਲਾ ਤੋਂ ਅੰਮ੍ਰਿਤਸਰ ਸਾਹਿਬ ਲਈ ਸ਼ੁਰੂ ਕੀਤੀ ਗਈ ਨਵੀਂ ਏ. ਸੀ. ਬੱਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਪਟਿਆਲਾ ਬੱਸ ਸਟੈਂਡ ਤੋਂ ਸਵੇਰੇ 5.30 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਅੰਮ੍ਰਿਤਸਰ ਵਿਖੇ ਸਵੇਰੇ 10.15 ਵਜੇ ਪਹੁੰਚੇਗੀ। ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਬੱਸ ਉਥੇ ਹੀ ਰੁਕੇਗੀ ਅਤੇ ਸ਼ਾਮ ਨੂੰ 4.00 ਵਜੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਪਟਿਆਲਾ ਲਈ ਰਵਾਨਾ ਹੋਵੇਗੀ। ਇਹ ਬੱਸ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਏ. ਆਈ. ਐੱਸ-052 ਦੇ ਬੱਸ ਕੋਡ ਅਨੁਸਾਰ ਤਿਆਰ ਕੀਤੀ ਗਈ ਹੈ ਜਿਸ ਵਿਚ ਆਰਾਮਦਾਇਕ 45 ਸੀਟਾਂ ਹਨ। ਪ੍ਰਤੀ ਸਵਾਰੀ 355 ਰੁਪਏ ਇਕ ਪਾਸੇ ਦਾ ਕਿਰਾਇਆ ਹੈ। ਸਵਾਰੀ ਵੱਲੋਂ ਪੀ. ਆਰ. ਟੀ. ਸੀ. ਦੀ ਵੈੱਬਸਾਈਟ ’ਤੇ ਆਉਣ-ਜਾਣ ਦੀ ਇਕੱਠੀ ਟਿਕਟ ਬੁੱਕ ਕਰਨ ’ਤੇ ਇਸ ਬੱਸ ਦੇ ਕਿਰਾਏ ’ਚ 10 ਫੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ। ਇਸ ਮੌਕੇ ਪੀ. ਆਰ. ਟੀ. ਸੀ. ਦੇ ਜੀ. ਐੱਮ. ਆਪ੍ਰੇਸ਼ਨ ਸੁਰਿੰਦਰ ਸਿੰਘ, ਜੀ. ਐੱਮ. ਮਨਿੰਦਰਜੀਤ ਸਿੰਘ ਸਿੱਧੂ, ਐੱਮ. ਪੀ. ਸਿੰਘ ਤੇ ਜਤਿੰਦਰਪਾਲ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਕਈ ਉੱਚ ਅਧਿਕਾਰੀ ਹਾਜ਼ਰ ਸਨ।
