ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਦਾ ਪ੍ਰਦਰਸ਼ਨ, ਕੜਾਕੇ ਦੀ ਧੁੱਪ ’ਚ ਕੱਢੀ ਰੈਲੀ, ਦਿੱਤੀ ਚਿਤਾਵਨੀ
Tuesday, Jul 12, 2022 - 05:23 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪਟਿਆਲਾ ਡਿਪੂ ਦੇ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪੈਨਸ਼ਨ ਨਾ ਮਿਲਣ ਤੋਂ ਗੁੱਸੇ ਵਿਚ ਆਏ ਪੈਨਸ਼ਨਰਾਂ ਨੇ ਇਸ ਮੀਟਿੰਗ ਨੂੰ ਰੋਸ ਰੈਲੀ ਵਿਚ ਬਦਲ ਕੇ ਇਕੱਠੇ ਹੋਏ ਲਗਭਗ 150 ਪੈਨਸ਼ਨਰਾਂ ਨੇ ਬੱਸ ਅੱਡੇ ਅੰਦਰ ਰੋਸ ਮਾਰਚ ਕੀਤਾ ਗਿਆ ਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਵਿਸ਼ੇਸ਼ ਤੌਰ ’ਤੇ ਇਸ ਰੈਲੀ ਵਿਚ ਸ਼ਾਮਲ ਹੋਏ। ਰੋਹ ਵਿਚ ਆਏ ਪੈਨਸ਼ਨਰਾਂ ਨੇ ਸੰਕੇਤ ਦੇ ਦੌਰ ’ਤੇ ਅੱਧੇ ਘੰਟੇ ਲਈ ਬੱਸ ਸਟੈਂਡ ਦੇ ਗੇਟ ਘੇਰ ਕੇ ਟ੍ਰੈਫਿਕ ਵੀ ਜਾਮ ਕੀਤਾ। ਰੋਹ ਭਰੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਐੱਮ.ਡੀ. ਸਾਹਿਬ ਨੇ ਦੋ ਮਹੀਨਿਆਂ ਦਾ ਸਮਾਂ ਪੈਨਸ਼ਨ ਨੂੰ ਸਮੇਂ ਸਿਰ ਪਾਉਣ ਲਈ ਲਿਆ ਸੀ ਸੋ ਅਸੀਂ ਉਨ੍ਹਾਂ ਦੇ ਕਹਿਣ ’ਤੇ ਫੁੱਲ ਚੜ੍ਹਾਏ ਅਤੇ ਦੋ ਮਹੀਨੇ ਨਹੀਂ ਟੋਕਿਆ, ਹੁਣ ਤੀਜੇ ਮਹੀਨੇ ਵੀ ਅੱਜ ਤੱਕ ਪੈਨਸ਼ਨ ਨਹੀਂ ਪਈ ਅਤੇ ਮੈਨੇਜਮੈਂਟ ਵਲੋਂ ਅਜੇ ਤੱਕ ਕੋਈ ਤਸੱਲੀਬਖਸ਼ ਹੁੰਗਾਰਾ ਨਹੀਂ ਮਿਲਿਆ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ ਅਤੇ ਸਾਨੂੰ ਇਤਿਹਾਸ ਦਹਰਾਉਣ ਲਈ ਮਜਬੂਰ ਨਾ ਕਰੇ। ਉਨ੍ਹਾਂ ਨੇ ਮਿਤੀ 20 ਜੁਲਾਈ ਤੀਸਰੇ ਬੁੱਧਵਾਰ ਨੂੰ ਬਸ ਸਟੈਂਡ ਪਟਿਆਲਾ ਵਿਖੇ ਹੋਣ ਵਾਲੀ ਮਾਸਿਕ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਲਈ ਕਿਹਾ ਅਤੇ ਉਸ ਦਿਨ ਕਿਸੇ ਤਰ੍ਹਾਂ ਦਾ ਸਖਤ ਐਕਸ਼ਨ ਕਰਨ ਦਾ ਵੀ ਸੰਕੇਤ ਦਿੱਤਾ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਸਾਨੂੰ ਆਪਣਾ ਪੁਰਾਤਨ ਇਤਿਹਾਸ ਦੁਹਰਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਲਈ ਅਸੀਂ ਤਿਆਰ ਹਾਂ, ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦਿੱਤੇ ਸਹਿਯੋਗ ਨੂੰ ਮੈਨੇਜਮੈਂਟ ਸ਼ਾਇਦ ਸਾਡੀ ਕਮਜ਼ੋਰੀ ਸਮਝ ਕੇ ਸਾਨੂੰ ਅੰਦੋਲਨ ਵੱਲ ਧੱਕ ਰਹੀ ਹੈ। ਉਸ ਨੇ ਸਮੁੱਚੇ ਪੈਨਸ਼ਨਰਾਂ ਨੂੰ ਕਿਸੇ ਤਰ੍ਹਾਂ ਵੀ ਐਕਸ਼ਨ ਵਾਸਤੇ ਤਿਆਰ ਰਹਿਣ ਲਈ ਕਿਹਾ। ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਮੈਨੇਜਮੈਂਟ ਦੇ ਪੈਨਸ਼ਰਾਂ ਪ੍ਰਤੀ ਨਾਂਹ ਪੱਖੀ ਵਤੀਰੇ ਦੀ ਨਿਖੇਧੀ ਕਰਦਿਆਂ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਤਿਆਰ ਰਹਿਣ ਲਈ ਕਿਹਾ।
ਕੜਕਦੀ ਧੁੱਪ ਵਿਚ ਰੋਹ ਭਰੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪਟਿਆਲਾ ਡਿਪੂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਨਰਮਾਈ ਨਾਲ ਮੈਨੇਜਮੈਂਟ ਨੂੰ ਸਾਡੀ ਬੋਲੀ ਸਮਝ ਨਹੀਂ ਆਉਂਦੀ ਇਸ ਕਰਕੇ ਸਾਨੂੰ ਆਪਣੇ ਬਕਾਏ ਅਤੇ ਪੈਨਸ਼ਨ ਲੈਣ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਬਾਡੀ ਜੋ ਹੁਕਮ ਕਰੇਗੀ ਪਟਿਆਲਾ ਡਿਪੂ ਦੇ ਪੈਨਸ਼ਨਰ ਸਭ ਤੋਂ ਅੱਗੇ ਹੋ ਕੇ ਹੁਕਮਾਂ ਦੀ ਪਾਲਣਾ ਕਰਾਂਗੇ। ਡਿਪੂ ਦੇ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਆਪਣੇ ਸੰਬੋਧਨ ’ਚ ਮੈਨੇਜਮੈਂਟ ਆਪਣੇ ਜਨਰਲ ਮੈਨੇਜਰਾਂ ਨੂੰ ਹਰ ਮਹੀਨੇ 25-30 ਹਜ਼ਾਰ ਰੁਪਏ ਬਤੌਰ ਕਾਰ ਲਈ ਪੈਟਰੋਲ ਅਤੇ ਕਿਲੋਮੀਟਰ ਦੀ ਅਦਾਇਗੀ ਕਰ ਦਿੰਦੀ ਹੈ ਅਤੇ ਬਠਿੰਡਾ ਡਿਪੂ ਵਿਚ ਕੁੱਝ ਦੇਰ ਪਹਿਲਾਂ ਟਿਕਟ ਮਸ਼ੀਨਾਂ ਵਿੱਚ ਹੋਈ ਕਰੋੜਾਂ ਰੁਪਏ ਦੀ ਹੇਰਾ-ਫੇਰੀ ਸਬੰਧੀ ਚੁੱਪ ਧਾਰਨ ਕੀਤਾ ਹੋਇਆ ਹੈ ਪਰ ਪੈਨਸ਼ਨਰਾਂ ਨੂੰ ਮੈਡੀਕਲ ਅਤੇ ਏਰੀਅਰ ਦੇਣ ਸਬੰਧੀ ਨਾਂਹ ਪੱਖੀ ਵਤੀਰੇ ਦੀ ਨਿਖੇਧੀ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਸਖਤ ਐਕਸ਼ਨ ਕਰਨ ਲਈ ਤਿਆਰ ਰਹਿਣ ਲਈ ਕਿਹਾ। ਇਸ ਰੈਲੀ ਨੂੰ ਸਰਲ ਕਰਨ ਲਈ ਦਫਤਰ ਸਕੱਤਰ ਬਖਸ਼ੀਸ਼ ਸਿੰਘ, ਬਲਵੰਤ ਸਿੰਘ, ਸੋਹਣ ਸਿੰਘ, ਸੁੱਚਾ ਸਿੰਘ, ਕਰਤਾਰ ਸਿੰਘ, ਮਹਿੰਦਰ ਸਿੰਘ, ਕਪੂਰ ਚੰਦ, ਕਸਤੁਰੀ ਲਾਲ, ਯੋਗਿੰਦਰਪਾਲ ਸੈਣੀ, ਤਰਲੋਕ ਸਿੰਘ ਤੇ ਗੁਰਦੇਵ ਸਿੰਘ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।