ਯੂਨੀਵਰਸਿਟੀ ਬਦਲਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਮੁਜ਼ਾਹਰਾ
Friday, Feb 09, 2018 - 08:05 AM (IST)
ਮਲੋਟ (ਜ. ਬ.) - ਮਿਮਿਟ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਬਦਲਣ ਦੀ ਮੰਗ ਨੂੰ ਲੈ ਕੇ ਕਾਲਜ 'ਚ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ 'ਚ ਛੇਵੇਂ ਸਮੈਸਟਰ ਦੇ ਨਾਲ-ਨਾਲ ਹੋਰ ਸਮੈਸਟਰਾਂ ਦੇ ਵਿਦਿਆਰਥੀ ਵੀ ਸ਼ਾਮਲ ਸਨ, ਜੋ ਕਿ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਮੌਜੂਦਾ ਐੱਮ. ਆਰ. ਐੱਸ. ਟੀ. ਯੂ. (ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ) ਤੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਈ. ਕੇ. ਜੀ. ਪੀ. ਟੀ. ਯੂ. (ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ) ਨਾਲ ਜੋੜਿਆ ਜਾਵੇ। ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਦੀ ਮੈਨੇਜਮੈਂਟ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ 2015 'ਚ ਪੰਜਾਬ ਦੇ 11 ਜ਼ਿਲਿਆਂ ਨੂੰ ਨਵੀਂ ਯੂਨੀਵਰਸਿਟੀ ਐੱਮ. ਆਰ. ਐੱਸ. ਟੀ. ਯੂ. ਨਾਲ ਜੋੜ ਦਿੱਤਾ ਗਿਆ ਸੀ, ਜਿਨ੍ਹਾਂ 'ਚ ਮਿਮਿਟ ਕਾਲਜ ਵੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਵੇਂ ਨਿਰਦੇਸ਼ਾਂ ਮੁਤਾਬਕ 2015-19 ਬੈਚ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਹੁਣ ਇਹ ਮੌਕਾ ਦਿੱਤਾ ਗਿਆ ਹੈ ਕਿ ਉਹ ਚਾਹੁਣ ਤਾਂ ਆਪਣੀ ਯੂਨੀਵਰਸਿਟੀ ਨੂੰ ਬਦਲ ਕੇ ਐੱਮ. ਆਰ. ਐੱਸ. ਟੀ. ਯੂ. ਤੋਂ ਆਈ. ਕੇ. ਜੀ. ਪੀ. ਟੀ. ਯੂ. 'ਚ ਜਾ ਸਕਦੇ ਹਨ।
ਇਸ ਬਾਰੇ ਪੰਜਾਬ ਸਰਕਾਰ ਵੱਲੋਂ 28 ਨਵੰਬਰ, 2017 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2015 ਬੈਚ ਦੇ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਬਦਲਣਾ ਚਾਹੁੰਦੇ ਹਨ, ਉਹ ਕਾਲਜ ਨੂੰ ਲਿਖਤੀ ਰੂਪ 'ਚ ਦੇ ਦੇਣ ਤਾਂ ਕਿ ਉਹ ਇਸ ਨੂੰ ਅਗਲੀ ਕਾਰਵਾਈ ਲਈ ਭੇਜ ਦੇਣ।
ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਇਕ ਹੋਰ ਮੌਕਾ ਦਿੱਤਾ ਗਿਆ ਹੈ, ਜਿਸ ਤਹਿਤ ਕਾਲਜ ਵੀ ਦੂਜੀ ਯੂਨੀਵਰਸਿਟੀ ਨਾਲ ਜੁੜ ਸਕਦਾ ਹੈ ਅਤੇ ਇਸ ਸਬੰਧੀ ਕਾਲਜ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੋਸਾਇਟੀ ਵੱਲੋਂ ਮਤਾ ਪਾਉਣ ਉਪਰੰਤ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
