ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਥਾਣੇ ਅੱਗੇ ਧਰਨਾ
Monday, Jun 19, 2017 - 12:32 AM (IST)
ਧਰਮਗੜ੍ਹ, (ਬੇਦੀ)— ਪਿੰਡ ਗਾਗਾ ਦੇ ਮਜ਼ਦੂਰਾਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਸੋਮਵਾਰ ਨੂੰ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਥਾਣਾ ਧਰਮਗੜ੍ਹ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਕਨਵੀਨਰ ਜਥੇਦਾਰ ਘਮੰਡ ਸਿੰਘ ਉਗਰਾਹਾਂ ਨੇ ਕਿਹਾ ਕਿ ਦਲਜੀਤ ਸਿੰਘ ਵਾਸੀ ਸ਼ਿਵਮ ਕਾਲੋਨੀ ਸੰਗਰੂਰ ਨਾਲ ਗਾਗਾ ਦੇ ਵਿਅਕਤੀ ਨੇ ਨੌਕਰੀ ਦਾ ਝਾਂਸਾ ਦੇ ਕੇ 35,000 ਦੀ ਠੱਗੀ ਮਾਰੀ ਹੈ। ਦੋਸ਼ੀ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ 'ਤੇ ਦੋਸ਼ੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਪਰ ਸਿਆਸੀ ਦਬਾਅ ਕਾਰਨ ਪੁਲਸ ਅਜੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਧਰਨੇ ਦੇ ਦਬਾਅ ਕਾਰਨ ਪੁਲਸ ਜਦੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਸ ਦੀ ਮਾਤਾ ਨੇ ਸਪਰੇਅ ਪੀਣ ਦੀ ਧਮਕੀ ਦੇ ਕੇ ਪੁਲਸ ਨੂੰ ਬਲੈਕਮੇਲ ਕੀਤਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਜੁਰਮ ਦੀ ਧਾਰਾ 'ਚ ਵਾਧਾ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ।
ਕੌਣ ਸਨ ਸ਼ਾਮਲ : ਗੁਰਬਖਸ਼ ਸਿੰਘ ਗਾਗਾ, ਲਖਵੀਰ ਸਿੰਘ, ਮੇਲ ਸਿੰਘ ਉਗਰਾਹਾਂ, ਗੁਰਤੇਜ ਸਿੰਘ ਗਾਗਾ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ।
