ਹੇਮਾ ਮਾਲਿਨੀ ਦਾ ਵਿਵਾਦਿਤ ਬਿਆਨ,ਕਿਹਾ- ਕਿਸਾਨਾਂ ਨੂੰ ਆਪ ਨਹੀਂ ਪਤਾ ਖੇਤੀ ਕਾਨੂੰਨਾਂ ਦੀ ਸਮੱਸਿਆ

01/13/2021 11:38:38 AM

ਨਵੀਂ ਦਿੱਲੀ (ਬਿਊਰੋ) - ਖੇਤੀ ਕਾਨੂੰਨ ਦੇ ਮਾਮਲੇ ’ਤੇ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ’ਚ ਤਕਰਾਰ ਹਾਲੇ ਖ਼ਤਮ ਨਹੀਂ ਹੋਈ ਹੈ। ਸੁਪਰੀਮ ਕੋਰਟ ਦੇ ਜਰੀਏ ਵਿਵਾਦ ਖ਼ਤਮ ਹੋਣ ਦੀ ਉਮੀਦ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਲੈ ਕੇ ਸਵਾਲ ਖੜ੍ਹਾ ਕਰ ਦਿੱਤਾ ਹੈ। ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਜੋ ਕਿਸਾਨ ਧਰਨੇ ’ਤੇ ਬੈਠੇ ਹਨ, ਉਨ੍ਹਾਂ ਨੂੰ ਖੇਤੀ ਕਾਨੂੰਨ ’ਚ ਸਮੱਸਿਆ ਦਾ ਹੀ ਨਹੀਂ ਪਤਾ ਹੈ।

PunjabKesari
ਸਮਾਚਾਰ ਏਜੰਸੀ ਏ. ਐੱਨ. ਆਈ. ਮੁਤਾਬਕ, ਹੇਮਾ ਮਾਲਿਨੀ ਨੇ ਬਿਆਨ ਦਿੱਤਾ ਕਿ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ਤੇ ਖੇਤੀ ਕਾਨੂੰਨਾਂ ਨਾਲ ਅਸਲੀ ਮੁਸ਼ਕਿਲ ਕੀ ਹੈ। ਇਸ ਤੋਂ ਪਹਿਲਾਂ ਇਹ ਸਾਫ਼ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਕਿਹਾ ਹੈ ਅਤੇ ਉਹ ਲੋਕ ਬੈਠ ਗਏ ਹਨ।

ਕਿਸਾਨ ਅੰਦੋਲਨ ਨੂੰ ਲੈ ਕੇ ਜਾਰੀ ਹੈ ਤਕਰਾਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਬੀਜੇਪੀ ਨੇਤਾਵਾਂ ਵਲੋਂ ਕਿਸਾਨ ਅੰਦੋਲਨ ’ਤੇ ਸਵਾਲ ਖੜ੍ਹੇ ਕੀਤੇ ਗਏ ਸਨ, ਜਿਸ ’ਚ ਇਸ ਅੰਦੋਲਨ ਨੂੰ ਵਿਰੋਧੀ ਧਿਰਾਂ ਵਲੋਂ ਪ੍ਰਯੋਜਿਤ ਦੱਸਿਆ। ਜਦੋਂਕਿ ਕਈ ਵਾਰ ਖ਼ਾਲੀਸਤਾਨੀ ਸਮਰਥਕ ਸੰਗਠਨਾਂ ਨਾਲ ਹੋਣ ਦੀ ਗੱਲ ਆਖੀ।
ਸੁਪਰੀਮ ਕੋਰਟ ਨੇ ਵੀ ਖੇਤੀ ਕਾਨੂੰਨ ਨੂੰ ਲੈ ਕੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਇਕ ਹਲਫ਼ਨਾਮਾ ਦੇਣ ਨੂੰ ਕਿਹਾ ਹੈ, ਜਿਸ ’ਚ ਕਿਸਾਨ ਅੰਦੋਲਨ ’ਚ ਪਾਬੰਦੀਸ਼ੁਦਾ ਸੰਗਠਨਾਂ ’ਚ ਸ਼ਾਮਲ ਹੋਣ ਜਾਂ ਸਮਰਥਨ ਬਾਰੇ ਅਧਿਕਾਰਤ ਜਾਣਕਾਰੀ ਦੇਣ ਨੂੰ ਕਿਹਾ ਹੈ। 
ਕਿਸਾਨਾਂ ਦਾ ਅੰਦੋਲਨ ਪਿਛਲੇ 50 ਦਿਨਾਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਖੇਤੀ ਕਾਨੂੰਨ ’ਤੇ ਕੋਈ ਗੱਲ ਨਹੀਂ ਬਣ ਸਕੀ। ਬੁੱਧਵਾਰ ਨੂੰ ਕਿਸਾਨ ਸੰਗਠਨ ਲੋਹੜੀ ਮੌਕੇ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਸਾੜਨਗੇ ਅਤੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣਗੇ। 
ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ’ਤੇ ਜਾਰੀ ਵਿਵਾਦ ਨੂੰ ਖ਼ਤਮ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ’ਚ 4 ਮਾਹਰ ਸ਼ਾਮਲ ਹਨ। ਇਹ ਸਾਰੇ ਦੋ ਮਹੀਨਿਆਂ ’ਚ ਆਪਣੀ ਰਿਪੋਰਟ ਦੇਣਗੇ, ਜਿਸ ਤੋਂ ਬਾਅਦ ਅਦਾਲਤ ਅੱਗੇ  ਆਪਣਾ ਫ਼ੈਸਲਾ ਸੁਣਾਏਗੀ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News