ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮਸੀਹੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ

07/22/2017 1:18:35 AM

ਹੁਸ਼ਿਆਰਪੁਰ, (ਘੁੰਮਣ)- ਪਿਛਲੇ ਦਿਨੀਂ ਜ਼ਿਲਾ ਲੁਧਿਆਣਾ ਵਿਖੇ ਪਾਸਟਰ ਸੁਲਤਾਨ ਮਸੀਹ ਨੂੰ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਮੋਨਾ ਮੈਮੋਰੀਅਲ ਚਰਚ ਵਿਖੇ ਮਸੀਹੀ ਧਾਰਮਿਕ ਅਤੇ ਸਿਆਸੀ ਆਗੂਆਂ ਦੀ ਅਗਵਾਈ ਵਿਚ ਇਕੱਠੇ ਹੋਏ ਲੋਕਾਂ ਨੇ ਕਾਤਲਾਂ ਨੂੰ ਪੁਲਸ ਵੱਲੋਂ ਨਾ ਫੜੇ ਜਾਣ ਦੇ ਰੋਸ ਵਜੋਂ ਲੁਧਿਆਣਾ ਪੁਲਸ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। 
ਆਗੂਆਂ ਨੇ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 6 ਦਿਨ ਬੀਤ ਜਾਣ 'ਤੇ ਵੀ ਲੁਧਿਆਣਾ ਪੁਲਸ ਕਾਤਲਾਂ ਦਾ ਸੁਰਾਗ ਨਹੀਂ ਲਾ ਸਕੀ, ਜਿਸ ਕਾਰਨ ਮਸੀਹੀ ਭਾਈਚਾਰੇ ਵਿਚ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਸ ਨੇ ਪਹਿਲਾਂ 24 ਘੰਟੇ ਅਤੇ ਫਿਰ 48 ਘੰਟੇ ਦਾ ਸਮਾਂ ਮੰਗਿਆ ਪਰ 6 ਦਿਨ ਬੀਤਣ 'ਤੇ ਵੀ ਦੋਸ਼ੀ ਫੜੇ ਨਹੀਂ ਗਏ, ਜਿਸ ਨਾਲ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਮਿਸਾਲ ਪੇਸ਼ ਹੁੰਦੀ ਹੈ। 
ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਕਈ ਧਾਰਮਿਕ ਆਗੂਆਂ ਦੇ ਹੋਏ ਕਤਲਾਂ ਦੇ ਦੋਸ਼ੀਆਂ ਨੂੰ ਫੜਨ ਵਿਚ ਜਿਸ ਤਰ੍ਹਾਂ ਨਾਕਾਮਯਾਬ ਰਹੀ ਸੀ, ਉਸੇ ਤਰ੍ਹਾਂ  ਮੌਜੂਦਾ ਕਾਂਗਰਸ ਸਰਕਾਰ ਵੀ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਲਈ ਪਹਿਲਾਂ ਮੁਆਵਜ਼ੇ ਦਾ ਐਲਾਨ ਅਤੇ ਫਿਰ ਡੀ. ਜੀ. ਪੀ. ਵੱਲੋਂ ਇਹ ਬਿਆਨ ਦੇ ਕੇ ਕਿ ਇਸ ਕਤਲ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ, ਭਾਈਚਾਰੇ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੀ ਮਸੀਹੀ ਭਾਈਚਾਰਾ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਜੇਕਰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਅੰਦਰ ਭਾਈਚਾਰਾ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਨੂੰ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮੰਗ-ਪੱਤਰ ਵੀ ਸੌਂਪਿਆ ਗਿਆ। 
ਇਸ ਦੌਰਾਨ ਪਾਸਟਰ ਪਟੇਲ ਕਲਿਆਣ ਚੇਅਰਮੈਨ ਸੀ. ਐੱਨ. ਆਈ. ਚਰਚ, ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ, ਪਾਸਟਰ ਮੋਹਣ ਮਸੀਹ ਪ੍ਰਧਾਨ ਹੁਸ਼ਿਆਰਪੁਰ ਐਸੋਸੀਏਸ਼ਨ, ਪਾਸਟਰ ਮਹਿੰਗਾ ਮਸੀਹ, ਕੈਨਿਥ ਬੈਂਜਾਮਿਨ, ਰਵੀ ਕੁਮਾਰ (ਬਬਲੂ), ਸੰਜੀਵ ਨਾਰੂ, ਅਮਿਤ, ਮਨੀ, ਮਾਸਟਰ ਵਿਜੇ, ਰਿੱਕੀ ਮਸੀਹ, ਰਾਜਪਾਲ ਰਾਜੂ ਮੁਕੇਰੀਆਂ, ਸੁਲੱਖਣ, ਪਾਸਟਰ ਕੁਲਵਿੰਦਰ, ਪਾਸਟਰ ਛਿੰਦਰਪਾਲ, ਪਾਸਟਰ ਰੇਸ਼ਮ, ਪਾਸਟਰ ਤੇਜਪਾਲ, ਪਾਸਟਰ ਤੀਰਥ ਗਿੱਲ ਟਾਂਡਾ, ਦਲੇਰ ਸਿੱਧੂ ਦਸੂਹਾ, ਪ੍ਰੇਮ ਮਸੀਹ, ਸੁਰਿੰਦਰ ਗਿੱਲ, ਰਵੀ ਗਿੱਲ, ਪਾਸਟਰ ਕਸ਼ਮੀਰੀ, ਪਾਸਟਰ ਬਲਕਾਰ ਮਸੀਹ, ਪਾਸਟਰ ਰਾਜੇਸ਼, ਅਯੂਬ ਮਸੀਹ, ਪਾਸਟਰ ਉਮੇਸ਼ ਆਦਿ ਸ਼ਾਮਲ ਹੋਏ।


Related News