ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ

Saturday, Jan 20, 2018 - 09:43 AM (IST)


ਕੋਟਕਪੂਰਾ (ਨਰਿੰਦਰ) - ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕੋਟਕਪੂਰਾ ਦੇ ਬਿਜਲੀ ਮੁਲਾਜ਼ਮਾਂ ਨੇ ਡਵੀਜ਼ਨ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਵਿਖੇ ਧਰਨਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦਾ ਪੁੱਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। 
ਇਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਨਾਲ ਹਜ਼ਾਰਾਂ ਬਿਜਲੀ ਕਾਮੇ ਅਤੇ ਕੱਚੇ ਕਰਮਚਾਰੀ ਬੇਰੁਜ਼ਗਾਰ ਕਰ ਦਿੱਤੇ ਗਏ ਹਨ। ਹਰ ਘਰ ਨੌਕਰੀ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਛਾਂਟੀ ਕਰ ਕੇ ਹਰ ਘਰ ਨੂੰ ਬੇਰੁਜ਼ਗਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੈਗੂਲਰ ਕਾਮੇ ਦੂਰ-ਦੁਰਾਡੇ ਬਦਲ ਦਿੱਤੇ ਗਏ ਹਨ।
ਇਸ ਦੌਰਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ, ਕੱਚੇ ਕਾਮੇ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਕੀਤੀ ਜਾਵੇ ਅਤੇ 66 ਕੇ. ਵੀ. ਗਰਿੱਡ ਠੇਕੇ 'ਤੇ ਦੇਣ ਦੀ ਨੀਤੀ ਰੱਦ ਕੀਤੀ ਜਾਵੇ। ਯੂਨੀਅਨ ਵੱਲੋਂ ਬਠਿੰਡਾ ਵਿਖੇ ਕਰਮਚਾਰੀਆਂ ਵੱਲੋਂ ਲਾਏ ਪੱਕੇ ਧਰਨੇ ਦੀ ਹਮਾਇਤ ਕੀਤੀ। ਆਗੂਆਂ ਵੱਲੋਂ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ, ਮਹਿੰਦਰ ਸਿੰਘ ਸਕੱਤਰ, ਛਿੰਦਰ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ, ਚਮਕੌਰ ਸਿੰਘ, ਸੁਖਵੰਤ ਸਿੰਘ, ਕੁਲਵੀਰ ਸਿੰਘ ਅਤੇ ਸੱਤੇ ਸਿੰਘ ਹਾਜ਼ਰ ਸਨ।


Related News