ਪੇਂਡੂ ਮਜ਼ਦੂਰ ਯੂਨੀਅਨ ਦੇ ਸੱਦੇ ''ਤੇ ਥਾਣਾ ਕਰਤਾਰਪੁਰ ਦਾ ਮੁਕੰਮਲ ਘਿਰਾਓ

07/16/2018 1:46:04 AM

ਕਰਤਾਰਪੁਰ (ਜ. ਬ.) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਥਾਣਾ ਕਰਤਾਰਪੁਰ ਦਾ ਪੇਂਡੂ ਮਜ਼ਦੂਰਾਂ ਨੇ 3 ਘੰਟੇ ਮੁਕੰਮਲ ਘਿਰਾਓ ਕੀਤਾ। ਘਿਰਾਓ ਦੌਰਾਨ ਨਾ ਤਾਂ ਕਿਸੇ ਨੂੰ ਥਾਣੇ ਅੰਦਰ ਪੈਰ ਪਾਉਣ ਦਿੱਤਾ ਗਿਆ ਅਤੇ ਨਾ ਹੀ ਥਾਣੇ ਦੇ ਅੰਦਰੋਂ ਕਿਸੇ ਅਧਿਕਾਰੀ-ਕਰਮਚਾਰੀ ਨੂੰ ਬਾਹਰ ਨਿਕਲਣ ਦਿੱਤਾ ਗਿਆ। ਮੌਕੇ 'ਤੇ ਪੁੱਜ ਕੇ ਐੱਸ. ਪੀ. (ਜਾਂਚ) ਬਲਕਾਰ ਸਿੰਘ ਨੇ ਮੰਗ ਪੱਤਰ ਲੈ ਕੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਤਾਂ ਜਾ ਕੇ ਘਿਰਾਓ ਖਤਮ ਕੀਤਾ ਗਿਆ।
ਇਹ ਘਿਰਾਓ ਪਿੰਡ ਹਸਨਮੁੰਡਾ ਥਾਣਾ ਕਰਤਾਰਪੁਰ ਵਿਖੇ ਬੇਜ਼ਮੀਨੇ ਲੋਕਾਂ ਲਈ ਰਿਹਾਇਸ਼ੀ ਪਲਾਟ ਅਤੇ ਦਲਿਤਾਂ ਲਈ ਪੰਚਾਇਤੀ ਜ਼ਮੀਨ 'ਚੋਂ ਬਣਦੇ ਹੱਕ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ 'ਚ ਮੋਹਰੀ ਰੋਲ ਨਿਭਾਉਣ ਵਾਲੀ ਆਗੂ ਸੁਖਵਿੰਦਰ ਕੌਰ ਸਮੇਤ ਅੱਧੀ ਦਰਜਨ ਮਜ਼ਦੂਰਾਂ 'ਤੇ ਜਾਨਲੇਵਾ ਹਮਲੇ ਕਰਨ ਵਾਲੇ ਕਾਂਗਰਸੀ ਪੇਂਡੂ ਚੌਧਰੀਆਂ ਵਿਰੁੱਧ ਦਰਜ ਦੋ ਵੱਖ-ਵੱਖ ਮੁਕੱਦਮਿਆਂ 'ਚ ਵਾਧਾ ਜੁਰਮ ਕਰ ਕੇ ਕਾਰਵਾਈ ਕਰਵਾਉਣ ਅਤੇ ਕਾਂਗਰਸੀ ਗੁੰਡਿਆਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਕੀਤਾ ਗਿਆ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਦੇ ਕੇ ਗੈਰ-ਦਲਿਤਾਂ ਨੂੰ  ਇਕੱਠੇ ਹੋਣ ਦਾ ਅੱਜ ਧਨਾਢ ਪੇਂਡੂ ਚੌਧਰੀਆਂ ਵੱਲੋਂ ਸੱਦਾ ਦੇ ਕੇ ਮਸਲੇ ਨੂੰ ਜਾਤੀ ਰੰਗਤ ਦੇਣ ਦਾ ਯਤਨ ਕੀਤਾ ਗਿਆ, ਜਿਸ ਵਿਚ ਜਾਤੀ ਹੰਕਾਰੀ ਚੌਧਰੀਆਂ ਤੋਂ ਬਿਨਾਂ ਕਿਸੇ ਨੇ ਵੀ ਸ਼ਮੂਲੀਅਤ ਨਹੀਂ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਇਕ ਹਫਤੇ 'ਚ ਮੰਗਾਂ ਦਾ ਹੱਲ ਨਾ ਹੋਇਆ ਅਤੇ ਗੁੰਡਾਗਰਦੀ ਨੂੰ ਨਕੇਲ ਨਾ ਪਾਈ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਐੱਮ. ਐੱਲ. ਏ. ਸ਼ਿੰਗਾਰਾ ਰਾਮ ਸਹੂੰਗੜਾ, ਸ਼੍ਰੋਮਣੀ ਰੰਗਰੇਟਾ ਦਲ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਆਜ਼ਾਦ ਭੀਮ ਫੋਰਸ ਦੇ ਸੁੱਖੀ ਕੁਰਾਲੀ, ਸ੍ਰੀ ਗੁਰੂ ਗਿਆਨ ਨਾਥ ਸ਼ਾਂਤੀ ਸੈਨਾ ਦੇ ਤਰਲੋਕ ਵੈਂਡਲ, ਬਸਪਾ ਦੇ ਅਮਨਦੀਪ ਭੱਟੀ, ਦਲਿਤ ਆਗੂ ਅਮਨਦੀਪ ਸਿੰਘ ਚੀਦਾ, ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਚੰਨਣ ਸਿੰਘ ਬੁੱਟਰ, ਦਰਸ਼ਨ ਪਾਲ ਬੁੰਡਾਲਾ, ਮੱਖਣ ਸਿੰਘ ਕੰਦੋਲਾ, ਬਲਵਿੰਦਰ ਕੌਰ ਦਿਆਲਪੁਰ, ਸਰਪੰਚ ਜਸਵੀਰ ਗੋਰਾ, ਡੀ. ਬੀ. ਐੱਸ. ਪੀ. ਦੇ ਮਨੋਜ ਕੁਮਾਰ ਆਦਿ ਨੇ ਸੰਬੋਧਨ ਕੀਤਾ।


Related News