ਪ੍ਰਾਇਮਰੀ ਅਧਿਆਪਕਾਂ ਨੇ ਪਟਿਆਲਾ ਵਿਖੇ ਰੋਸ ਰੈਲੀ ਦਾ ਕੀਤਾ ਐਲਾਨ

Saturday, Feb 17, 2018 - 05:21 PM (IST)


ਮੋਗਾ (ਬਿੰਦਾ) - ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਵੱਲੋਂ 18 ਫਰਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਤੇ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜਥੇਬੰਦੀ ਆਗੂ ਸੁਰਿੰਦਰ ਕੁਮਾਰ ਸ਼ਰਮਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਨਵਰੀ 2017 ਤੋਂ ਹੁਣ ਤੱਕ ਮਹਿੰਗਾਈ ਭੱਤੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਨਹੀਂ ਜਾਰੀ ਕੀਤੇ ਗਏ, ਜਦਕਿ ਜਨਵਰੀ ਤੇ ਜੁਲਾਈ ਮਹੀਨੇ 'ਚ 2 ਕਿਸ਼ਤਾਂ ਦੇਣੀਆਂ ਬਣਦੀਆਂ ਸਨ। 
ਜਥੇਬੰਦੀ ਆਗੂ ਜਸਵਿੰਦਰ ਸਿੰਘ ਨੇ ਕਿਹਾ ਸਰਕਾਰ ਵੱਲੋਂ ਬਣਾਈ ਗਈ ਤਬਾਦਲਾ ਨੀਤੀ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ 'ਤੇ ਥੋਪੇ ਬ੍ਰਿਜ ਕੋਰਸ ਤੋਂ ਉਨ੍ਹਾਂ ਨੂੰ ਛੋਟ ਦਿੱਤੀ ਜਾਵੇ ਅਤੇ ਸਿੱਖਿਆ ਵਿਭਾਗ ਪ੍ਰੋਵਾਈਡਰ ਅਧਿਆਪਕਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਹੋਣ ਵਾਲੀ ਰੈਲੀ ਤੋਂ ਜੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੇ ਸਬਕ ਨਾ ਲਿਆ ਤਾਂ ਜਥੇਬੰਦੀਆਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਪਰਗਟ ਸਿੰਘ ਕਿਸ਼ਨਪੁਰਾ, ਜਸਵੀਰ ਸਿੰਘ ਘਾਰੂ, ਸੋਹਣ ਸਿੰਘ ਧਰਮਕੋਟ, ਮਨਮੀਤ ਰਾਏ, ਦਿਲਬਾਗ ਸਿੰਘ ਬੋਡੇ ਆਦਿ ਹਾਜ਼ਰ ਸਨ।


Related News